Tuesday 13 July 2010

ਨੌਵੀਂ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ



ਅਨੁਵਾਦ : ਮਹਿੰਦਰ ਬੇਦੀ ਜੈਤੋ


ਮਾਜਿਦ ਨੇ ਆਪਣੇ ਪਿੱਛੇ ਦਰਵਾਜ਼ਾ ਬੰਦ ਕੀਤਾ ਤੇ ਫਿੱਕੇ-ਹਨੇਰੇ ਨਾਲ ਭਰੇ ਪੈਸੇਜ ਵਿਚੋਂ ਹੁੰਦਾ ਹੋਇਆ ਡਰਾਇੰਗ-ਰੂਮ ਵਿਚ ਚਲਾ ਗਿਆ। ਆਬਿਦਾ ਇਕ ਸਟੂਲ ਉੱਪਰ ਚੜ੍ਹੀ, ਆਪਣੇ ਪਿਆਜੀ ਦੁੱਪਟੇ ਦੇ ਪੱਲੇ ਨਾਲ, ਅੰਮੀ ਜਾਨ ਦੀ ਤਸਵੀਰ ਉੱਪਰੋਂ ਕਲਪਿਤ ਧੂੜ ਝਾੜ ਰਹੀ ਸੀ। ਉਸਨੇ ਗਰਦਨ ਭੁਆਂ ਕੇ ਮਾਜਿਦ ਵੱਲ ਦੇਖਿਆ। ਕੁਝ ਕਹਿਣਾ ਚਾਹਿਆ ਪਰ ਸ਼ਬਦ ਉਸਦੇ ਹੋਠਾਂ ਤੱਕ ਆ ਕੇ ਰੁਕ ਗਏ। ਦੋਹਾਂ ਦੀਆਂ ਨਜ਼ਰਾਂ ਮਿਲੀਆਂ ਤੇ ਉਲਝੀਆਂ ਰਹਿ ਗਈਆਂ।
“ਤੁਸੀਂ...ਮੱਜੂ...” ਉਹ ਸਟੂਲ ਤੋਂ ਇਕ ਪੈਰ ਲਟਕਾ ਕੇ ਬੈਠ ਗਈ।
ਮਾਜਿਦ ਨੂੰ ਸ਼ਰਾਬੀਆਂ ਵਾਂਗ ਲੜਖੜਾਂਦਿਆ ਦੇਖ ਕੇ ਉਹ ਕਾਹਲ ਨਾਲ ਉਸਦੇ ਕੋਲ ਪਹੁੰਚ ਗਈ, ਪਰ ਹੱਥ ਲਾਉਣ ਦੀ ਹਿੰਮਤ ਨਾ ਹੋਈ। ਮਾਜਿਦ ਦਾ ਸਰੀਰ, ਚਿੱਲਾ ਚੜ੍ਹੀ ਕਮਾਨ ਵਾਂਗ, ਤਣਿਆ ਹੋਇਆ ਸੀ। ਅੱਖਾਂ ਵਿਚ ਧੁੰਦ ਛਾਈ ਜਾਪਦੀ ਸੀ।
“ਤੁਸੀਂ ਆ ਗਏ?” ਆਬਿਦਾ ਇਸ ਪਾਰੋਂ ਬੋਲੀ।
“ਹਾਂ।” ਮਾਜਿਦ ਨੇ ਬਹੁਤ ਦੂਰੋਂ, ਉਸ ਪਾਰੋਂ, ਜਵਾਬ ਦਿੱਤਾ।
“ਥੱਕੇ-ਹਾਰੇ ਸਿੱਧੇ ਦਫ਼ਤਰੋਂ ਹੀ ਉਧਰ ਚਲੇ ਗਏ ਸੀ?” ਆਬਿਦਾ ਨੇ ਦਰਦ ਭਰਿਆ ਹਊਕਾ ਖਿਚਿਆ, “ਲਓ ਇੱਥੇ ਬੈਠ ਜਾਓ।” ਉਸਨੇ ਉਸਦੀ ਵਿਸ਼ੇਸ ਕੁਰਸੀ ਅੱਗੇ ਖਿਸਕਾ ਦਿੱਤੀ। ਪਰ ਉਹ ਓਵੇਂ ਦੀ ਜਿਵੇਂ ਖੜ੍ਹਾ, ਸਿਲ-ਪੱਥਰ ਹੋਈਆਂ ਅੱਖਾਂ ਨਾਲ ਉਸਦੇ ਆਰ-ਪਾਰ ਦੇਖਦਾ ਰਿਹਾ।
“ਚਾਹ ਲਈ ਕਹਿ ਦਿਆਂ,” ਉਹ ਰਸੋਈ ਵੱਲ ਜਾਣ ਲੱਗੀ¸ ਮਾਜਿਦ ਦੀ ਤੱਕਣੀ ਤੋਂ ਭੈਭੀਤ ਹੋ ਗਈ ਸੀ ਉਹ। ਜਦੋਂ ਉਹ ਚਾਹ ਵਾਲੀ ਟਰੇ ਲੈ ਕੇ ਵਾਪਸ ਆਈ, ਮਾਜਿਦ ਜਿਵੇਂ ਦਾ ਤਿਵੇਂ, ਅਹਿਲ-ਅਡੋਲ, ਖਲੋਤਾ ਹੋਇਆ ਸੀ। ਉਸਦੇ ਹੱਥ ਬੇਜਾਨ ਜਿਹੇ ਲਟਕ ਰਹੇ ਸਨ ਜਿਵੇਂ ਆਪਣਾ ਕਾਰਜ ਛੱਡ ਬੈਠੇ ਹੋਣ। ਆਬਿਦਾ ਨੇ ਟਰੇ ਮੇਜ਼ ਉੱਤੇ ਰੱਖ ਦਿੱਤੀ ਤੇ ਕਾਲੀਨ ਉੱਪਰ ਬੈਠ ਕੇ ਚਾਹਦਾਨੀ ਵਿਚੋਂ ਖੰਡ ਪਾ ਕੇ ਚਮਚਾ ਫੇਰਨ ਲੱਗੀ।
“ਕੀ ਕਿਹਾ?” ਬਿਨਾਂ ਕਿਸੇ ਭੂਮਿਕਾ ਦੇ ਉਸਨੇ ਪੁੱਛਿਆ।
“ਉਸਨੇ ਕਿਹਾ ਏ, ਤੇਰੇ ਨਾਲ ਗੱਲ ਕਰਕੇ ਫ਼ੈਸਲਾ ਕਰੇਗੀ।”
“ਓ-ਅ...।” ਉਸਨੇ ਦੋ ਚਮਚ ਖੰਡ ਪਿਆਲੀ ਵਿਚ ਪਾ ਦਿੱਤੀ। ਪੱਲੇ ਨਾਲ ਕੇਤਲੀ ਫੜ੍ਹ ਕੇ ਚਾਹ ਪਾਉਣ ਲੱਗੀ, “ਤੇ ਜੇ ਐਤਵਾਰ ਤਕ ਸਬਰ ਕਰ ਲੈਂਦੇ ਤਾਂ ਕਿਹੜੀ ਟਰੇਨ ਲੰਘ ਜਾਂਦੀ! ਤੁਸੀਂ ਉਸ ਕੋਲ ਕਿਉਂ ਗਏ? ਉਸ ਨੀਚ ਔਰਤ ਦੀਆਂ ਮਿੰਨਤਾਂ ਕਰਨ ਦੀ ਲੋੜ ਕੀ ਸੀ ਤੁਹਾਨੂੰ?”
“ਪਰ ਤੂੰ ਤਾਂ ਵਿਗੜੀ ਗੱਲ ਬਣਾਉਣ ਵਿਚ ਅਕਸਪਰਟ ਏਂ¸ ਮਾਮਲਾ ਤੇਰੇ ਹੱਥ ਵਿਚ ਪਹੁੰਚ ਕੇ ਆਪਣੇ ਆਪ ਸੁਲਝ ਜਾਏਗਾ।”
“ਅਹਿਸਾਨ ਫ਼ਰਾਮੋਸ਼ ਕਿਤੋਂ ਦੀ¸”' ਆਬਿਦਾ ਦਾ ਖ਼ੂਨ ਉਬਾਲੇ ਖਾਣ ਲੱਗਾ, “ਉਸਦੀ ਇਹ ਮਜ਼ਾਲ ਕਿ ਉਹ ਤੁਹਾਡੇ ਨਾਲ ਬਦਤਮੀਜੀ ਕਰੇ।”
“ਕਤਈ ਇਸ ਦੇ ਉਲਟ, ਉਹ ਤੇਰੇ ਅਹਿਸਾਨਾਂ ਦੇ ਬੋਝ ਹੇਠ ਦੱਬੀ ਹੋਈ ਏ ਤੇ ਤੇਰੀ ਇਜਾਜ਼ਤ ਦੇ ਬਿਨਾਂ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ।”
ਆਬਿਦਾ ਨਿਰਉੱਤਰ ਜਿਹੀ ਹੋ ਗਈ।  
“ਪਤਾ ਨਹੀਂ ਖੰਡ ਪਾਈ ਕਿ ਨਹੀਂ!” ਉਹ ਸ਼ੂਗਰ-ਪਾਟ ਨੂੰ ਕੰਬਦੇ ਹੱਥਾਂ ਨਾਲ ਟੋਹਣ-ਟਟੋਲਨ ਲੱਗੀ।
“ਉਸਦਾ ਲੂੰ-ਲੂੰ ਤੇਰੀਆਂ ਮਿਹਰਬਾਨੀਆਂ ਤੇ ਅਹਿਸਾਨਾਂ ਦੇ ਜਾਲ ਵਿਚ ਜਕੜਿਆ ਹੋਇਆ ਐ। ਤੇਰੇ ਪਿਆਰ ਨੇ ਮੇਰੀ ਬੇਵਫ਼ਾਈ ਦੇ ਦਾਗ਼ ਨੂੰ ਛਿਪਾਅ ਦਿੱਤਾ ਏ। ਮੈਂ ਉਸਨੂੰ ਦੁੱਖ ਤੇ ਬਦਨਾਮੀ ਦਿੱਤੀ। ਪਰ ਤੂੰ ਉਸਨੂੰ ਮਾਂ ਦਾ ਪਿਆਰ, ਭੈਣ ਦੀ ਹਮਦਰਦੀ ਤੇ ਦੋਸਤ ਦੀ ਮੁਹੱਬਤ ਦਿੱਤੀ। ਤੂੰ ਉਸਦੀ ਡੁੱਬਦੀ ਕਿਸ਼ਤੀ ਦਾ ਪਤਵਾਰ ਬਣ ਕੇ ਉਸਨੂੰ ਦਰ-ਦਰ ਦੀਆਂ ਠੋਕਰਾਂ ਤੋਂ ਬਚਾਅ ਲਿਆ। ਤੂੰ ਰੁਪਏ ਮੇਰੇ ਨਾਂ 'ਤੇ ਭੇਜੇ, ਪਰ ਉਹ ਇਹ ਵੀ ਜਾਣਦੀ ਹੈ ਕਿ ਤੂੰ ਆਪਣੇ ਜੇਵਰ ਵੇਚ ਕੇ...!”
“ਲਾਹਨਤ ਭੇਜੋ ਨਾਮੁਰਾਦ ਜੇਵਰਾਂ 'ਤੇ।” ਉਹ ਤੇਜ਼ੀ ਨਾਲ ਪਿਆਲੀ ਵਿਚ ਚਮਚਾ ਘੁਮਾਉਣ ਲੱਗ ਪਈ।
“ਆਸ਼ਿਕ ਤਾਂ ਉਸਨੇ ਬੜੇ ਦੇਖੇ ਸਨ, ਪਰ ਤੇਰੇ ਵਰਗੀ ਕਿਸੇ ਆਸ਼ਕ ਦੀ ਪਿਆਰ ਕਰਨ ਵਾਲੀ ਤੇ ਮਿਹਰਬਾਨ ਬੀਵੀ ਨਾਲ ਉਸਦਾ ਪਾਲਾ ਪਹਿਲੀ ਵਾਰੀ ਪਿਆ ਸੀ...ਤੇ ਉਹ ਤੈਥੋਂ ਬੜੀ ਡਰੀ ਹੋਈ ਏ,” ਮਾਜਿਦ ਖੁੱਲ੍ਹ ਕੇ ਮੁਸਕਰਾ ਰਿਹਾ ਸੀ। ਪਰ ਇਹ ਦੇਖ ਕੇ ਆਬਿਦਾ ਦਾ ਦਿਲ ਬੈਠ ਗਿਆ ਕਿ ਉਸਦੀਆਂ ਅੱਖਾਂ ਵਿਚੋਂ ਪ੍ਰਸ਼ੰਸਾ ਦੀ ਬਜਾਏ ਵਿਅੰਗ-ਬਾਣ ਵਰ੍ਹ ਰਹੇ ਸਨ।
“ਮੈਂ...ਮੈਂ...” ਉਹ ਬੇਚੈਨ ਜਿਹੀ ਹੋ ਗਈ।
“ਤੂੰ ਚਾਹੇਂ ਤਾਂ ਮੇਰੀ ਜ਼ਿੰਦਗੀ ਦਾ ਪਾਸਾ ਪਲਟ ਸਕਦੀ ਏਂ। ਜੇ ਤੂੰ ਆਪਣੀਆਂ ਸਾਰੀਆਂ ਮਿਹਰਬਾਨੀਆਂ ਤੇ ਅਹਿਸਾਨਾਂ ਦਾ ਵਾਸਤਾ ਪਾ ਕੇ ਉਸਨੂੰ ਕਹੇਂ ਕਿ ਉਹ ਤੇਰੇ ਪਿਆਰੇ ਪਤੀ ਉੱਪਰ ਰਹਿਮ ਕਰੇ, ਵਰਨਾ ਉਹ ਮਿਟ ਜਾਏਗਾ, ਤਬਾਹ ਹੋ ਜਾਏਗਾ ਤੇ ਉਸਦਾ ਦਿਲ ਜੋ ਅਸਲ ਵਿਚ ਤੇਰਾ ਏ, ਟੁੱਟ ਕੇ ਚੂਰ-ਚੂਰ ਹੋ ਜਾਏਗਾ।” ਮਾਜਿਦ ਨੇ ਨਾਟਕੀ ਢੰਗ ਨਾਲ ਸੀਨੇ ਉੱਤੇ ਹੱਥ ਰੱਖ ਕੇ ਕਿਹਾ, “ਮੈਂ ਤੇਰਾ ਚਹੇਤਾ ਮੱਜਨ ਆਂ, ਆਬਿਦਾ। ਮੇਰਾ ਦਿਲ, ਦਿਮਾਗ਼, ਫੇਫੜੇ, ਗੁਰਦੇ, ਸਭ ਤੇਰੇ ਨੇ। ਮੇਰੇ ਮੂੰਹ ਵਿਚਲੀ ਗਰਾਹੀ, ਤੇਰੇ ਪੇਟ ਵਿਚ ਪਹੁੰਚਦੀ ਏ। ਮੈਨੂੰ ਖਾਣਾ ਹਜਮ ਨਾ ਹੋਵੇ ਤਾਂ ਤੈਨੂੰ ਕੈ ਆ ਜਾਂਦੀ ਏ। ਮੇਰੀ ਸ਼ਾਹਰਗ ਕੱਟੀ ਜਾਵੇ ਤਾਂ ਖ਼ੂਨ ਤੇਰੇ ਵਗਦਾ ਏ। ਤੂੰ, ਤੂੰ ਹੀ ਮੇਰਾ ਸਭ ਕੁਝ ਏਂ¸ ਤੇ ਮੈਂ ਸਿਰਫ ਇਕ ਧੋਖਾ ਆਂ। ਇਕ ਗਲਤੀ, ਭੁੱਲ ਜਾਂ ਫੇਰ ਕੋਈ ਬੇਕਾਰ ਜਿਹੀ ਘਟਨਾ...।”
ਆਬਿਦਾ ਦੇ ਬੁੱਲ੍ਹ ਹਿਲੇ ਪਰ ਆਵਾਜ਼ ਨਾ ਨਿਕਲੀ। ਉਹ ਬਿਨਾਂ ਅੱਖਾਂ ਫਰਕਾਏ ਉਸ ਵੱਲ ਦੇਖਦੀ ਰਹੀ।  
“ਤੇ ਜੇ ਤੂੰ ਮੇਰੀ ਸਿਫ਼ਾਰਸ਼ ਕਰ ਦਏਂ ਤਾਂ ਉਹ ਮੈਨੂੰ ਸੀਨੇ ਨਾਲ ਲਾ ਲਏਗੀ। ਫੇਰ ਮੈਂ ਤੈਥੋਂ ਇਜਾਜ਼ਤ ਲੈ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲਵਾਂਗਾ ਤੇ ਤੇਰੀਆਂ ਸ਼ੁਭ-ਇੱਛਾਵਾਂ ਦੀ ਛਤਰ-ਛਾਇਆ ਹੇਠ ਉਸ ਨਾਲ...”
“ਮਾਜਿਦ, ਇਹ ਕੀ ਕਹਿ ਰਹੇ ਓ!”
“ਤੂੰ ਮੇਰੇ ਗੁਨਾਹ ਨੂੰ ਆਪਣੇ ਪੱਲੇ ਹੇਠ ਛੁਪਾ ਲਿਆ, ਮੈਂ ਜਨਮਾਂ-ਜਨਮਾਂ ਤਕ ਤੇਰੀ ਦਿੱਤੀ ਨਸੀਹਤ ਨੂੰ ਚੇਤੇ ਰੱਖਾਂਗਾ।” ਉਸਦੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ।
“ਮੱਜੂ...ਤੁਸੀਂ ਬਹੁਤ ਥੱਕ ਗਏ ਓ। ਜ਼ਰਾ...” ਉਹ ਘਬਰਾ ਕੇ ਆਪਣੀ ਝੋਲੀ ਵਿਚੋਂ ਕੁਝ ਲੱਭਣ ਲੱਗੀ।
“ਨਹੀਂ ਹੁਣ ਮੈਂ ਆਰਾਮ ਨਹੀਂ ਕਰਾਂਗਾ।”
“ਸੁਣੋ ਵੀ...”
“ਨਹੀਂ ਅੱਜ ਮੇਰੇ ਕੋਲ ਸੁਣਨ ਲਈ ਵਕਤ ਨਹੀਂ...ਅੱਜ ਸੁਣਨ ਦੀ ਵਾਰੀ ਸਿਰਫ਼ ਤੇਰੀ ਐ।”
“ਕਹੋ¸ ਜੋ ਜੀਅ 'ਚ ਆਏ ਕਹੋ¸ ਮੈਂ ਸੁਣ ਰਹੀ ਆਂ।” ਉਹ ਆਪਣੇ ਹੱਥਾਂ ਨੂੰ ਉਲਟ-ਪਲਟ ਕੇ ਦੇਖਣ ਲੱਗੀ।
“ਤੈਨੂੰ ਪਤਾ ਸੀ, ਮੈਂ ਕਿੱਥੇ ਗਿਆ ਆਂ?”
“ਤੁਸੀਂ ਜਦੋਂ ਆਫ਼ਿਸ ਤੋਂ ਨਾ ਆਏ ਤਾਂ ਮੈਂ ਸੋਚਿਆ...”
“ਤੈਨੂੰ ਇਹ ਵੀ ਪਤਾ ਸੀ, ਮੈਨੂੰ ਕੀ ਜਵਾਬ ਮਿਲੇਗਾ?”
“ਮੈਂ-ਮੈਂ...” ਉਹ ਇਧਰ-ਉਧਰ ਦੇਖਣ ਲੱਗੀ ਜਿਵੇਂ ਉਸਦੀ ਗੱਲ ਦਾ ਜਵਾਬ ਟੋਲਣ ਲੱਗ ਪਈ ਹੋਵੇ।
“ਤੂੰ ਤਾਂ ਗੈਬ (ਅਦ੍ਰਿਸ਼ ਭਵਿੱਖ) ਦਾ ਹਾਲ ਜਾਣਦੀ ਏਂ। ਫੇਰ ਤੈਨੂੰ ਪੁੱਛਣ ਦੀ ਕੀ ਜ਼ਰੂਰਤ ਸੀ?”
“ਮੈਂ-ਤਾਂ-ਮਾਜਿਦ, ਤੁਸੀਂ...” ਉਸਦੀ ਝੋਲੀ ਖ਼ਾਲੀ ਸੀ ਤੇ ਉਹ ਚੋਰ ਜਿਹੀ ਬਣੀ ਬੈਠੀ ਰਹੀ।
“ਕਿਉਂਕਿ ਤੂੰ ਬਿਸਾਤ ਦਾ ਇਕ-ਇਕ ਮੋਹਰਾ ਚੁਣ-ਚੁਣ ਕੇ ਮਾਰਨ ਵਿਚ ਵਿਸ਼ਵਾਸ ਰੱਖਦੀ ਏਂ।”
“ਅੱਲਾ...!” ਉਸਦੇ ਹੱਥ ਖ਼ਾਲੀ ਸਨ।
“ਤੇ ਇਹ ਤੇਰਾ ਆਖ਼ਰੀ ਵਾਰ ਸੀ। ਤੂੰ ਕਈ ਦਿਨਾਂ ਤੋਂ ਮੈਨੂੰ ਉਕਸਾ ਰਹੀ ਸੈਂ।... ਤੂੰ ਅਖੀਰੀ ਚੋਟ ਕਰਨ ਲਈ ਬੜੀ ਖ਼ੁਬਸੂਰਤੀ ਨਾਲ ਜ਼ਮੀਨ ਪੱਧਰ ਕਰ ਰਹੀ ਸੈਂ। ਔਰਤ ਦੇ ਸੁਭਾ ਵਿਚ ਹੀ ਚਾਲਬਾਜੀ ਹੈ। ਮੈਂ ਇਹ ਘਿਸਿਆ ਪਿਟਿਆ ਵਾਕ ਦੂਹਰਾਉਣਾ ਨਹੀਂ ਚਾਹੁੰਦਾ, ਨਾ ਹੀ ਇਸ ਵਿਚ ਮੇਰਾ ਵਿਸ਼ਵਾਸ ਐ। ਪਰ ਖ਼ੁਦਾ ਗਵਾਹ ਏ ਆਬਿਦਾ, ਤੂੰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ।”
“ਇਸ ਵੇਲੇ ਤੁਹਾਡੇ ਹੋਸ਼ ਠਿਕਾਣੇ ਨਹੀਂ, ਕੁਝ ਚਿਰ ਬਾਅਦ ਜ਼ਰਾ ਸ਼ਾਂਤੀ ਨਾਲ...”
“ਸ਼ਾਂਤੀ, ਸ਼ਾਂਤੀ, ਸ਼ਾਂਤੀ¸ ਮੈਨੂੰ ਇਸ ਸ਼ਬਦ ਤੋਂ ਘਿਣ ਆਉਂਦੀ ਏ।” ਉਸਦੀਆਂ ਪੁੜਪੁੜੀਆਂ ਦੀਆਂ ਨਸਾਂ ਉਭਰ ਆਈਆਂ, “ਸ਼ਾਂਤੀ ਦਾ ਸਮਾਂ ਲੰਘ ਚੁੱਕਿਆ ਏ।” ਉਸ ਨੇ ਫੇਰ ਕਿਹਾ, “ਸਾਰੇ ਮੋਰਚਿਆਂ ਦੀ ਨਾਕਾਬੰਦੀ ਮੁਕੰਮਲ ਹੋ ਗਈ ਹੈ... ਅੱਜ ਮੇਰਾ ਅਸਤੀਫ਼ਾ ਵੀ ਮੰਜ਼ੂਰ ਹੋ ਗਿਆ ਐ।”
“ਪਰ ਅਜੇ ਤਾਂ ਤੁਸੀਂ ਹੋਰ ਛੁੱਟੀ ਲੈ ਸਕਦੇ ਸੀ।”
“ਜਾਪਦਾ ਏ ਹੁਣ ਮੇਰੀ ਪਰਮਾਨੈਂਨਟ ਛੁੱਟੀ ਦਾ ਸਮਾਂ ਦੂਰ ਨਹੀਂ।” ਫੇਫੜਿਆਂ ਵਿਚ ਜਗ੍ਹਾ ਦੀ ਕਮੀ ਕਾਰਨ ਸਾਹ ਬੜੇ ਉੱਖੜੇ-ਉੱਖੜੇ ਜਿਹੇ ਆ ਰਹੇ ਸਨ।
“ਮਾਜਿਦ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ...” ਉਹਦਾ ਰੋਣ ਨਿਕਲ ਗਿਆ।
“ਹੁਣ ਮੈਂ ਜਿਊਣਾ ਵੀ ਚਾਹਾਂ, ਤਾਂ ਵੀ ਜਿਊਂ ਨਹੀਂ ਸਕਦਾ।” ਉਹ ਬਹਿਕੀਆਂ, ਸੱਖਣੀਆਂ ਨਿਗਾਹਾਂ ਨਾਲ ਕੰਧਾਂ-ਖੂੰਜਿਆਂ ਵੱਲ ਤੱਕਣ ਲੱਗਾ, “ਤੇਰਾ ਜੀਅ ਬਹਿਲਾਉਣ ਲਈ ਕਠਪੁਤਲੀ ਨਹੀਂ ਬਣ ਸਕਦਾ। ਤੂੰ ਤਾਂ ਖ਼ੁਦਾ ਤੋਂ ਚਾਹੁੰਦੀ ਹੋਏਂਗੀ, ਮੈਂ ਅਪਾਹਿਜ ਹੋ ਜਾਵਾਂ। ਫੇਰ ਤੂੰ ਹੀ ਮੇਰੇ ਹੱਥ ਪੈਰ ਬਣ ਜਾਏਂ, ਮੇਰੀ ਜ਼ਬਾਨ ਬਣ ਜਾਏਂ ਤੇ ਮੇਰੀ ਜੀਅ ਭਰ ਕੇ ਸੇਵਾ ਕਰੇਂ।”
“ਖ਼ੁਦਾ ਨਾ ਕਰੇ¸ ਮੈਂ ਤੁਹਾਡੇ ਪੈਰ ਫੜਦੀ ਆਂ¸ ਅੱਲ੍ਹਾ,” ਉਹ ਸਿਰ ਤੋਂ ਪੈਰਾਂ ਤਕ ਕੰਬ ਰਹੀ ਸੀ।
“ਤੇ ਸ਼ਾਇਦ ਮੈਂ ਵੀ ਤੇਰੇ ਨਾਲ ਮੁਹੱਬਤ ਨਹੀਂ ਕੀਤੀ। ਤੈਨੂੰ ਦੇਖ ਕੇ ਮੈਂ ਸੋਚਿਆ, ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਰਹੇਗੀ। ਇਹ ਮੁਹੱਬਤ ਨਹੀਂ ਖੁਦਗਰਜ਼ੀ ਸੀ। ਮੈਂ ਆਪਣੀ ਜ਼ਿੰਦਗੀ ਬਣਾਉਣ ਲਈ ਤੈਨੂੰ ਪਾ ਲਿਆ, ਤੇ ਤੂੰ¸ ਤੂੰ ਵੀ ਮੇਰੀ ਆਵਾਰਾ-ਗਰਦੀ ਦੇ ਕਿੱਸੇ ਸੁਣ ਕੇ ਮੈਨੂੰ ਸੁਧਾਰਨ ਦਾ ਪੱਕਾ ਇਰਾਦਾ ਕਰ ਲਿਆ। ਤੈਨੂੰ ਜੰਗਲੀ ਕਬੂਤਰਾਂ ਨੂੰ ਸਿਧਾਉਣ ਦਾ ਬੜਾ ਸ਼ੌਕ ਸੀ। ਵਹਿਸ਼ੀ ਪਰਿੰਦੇ ਤੇਰੀ ਹੱਥੇਲੀ ਤੋਂ ਦਾਨਾ ਖਾਣ ਲੱਗਦੇ ਸਨ...ਹੈ ਨਾ?” ਸ਼ਬਦ ਇਕ ਦੂਸਰੇ ਵਿਚ ਉਲਝਦੇ ਜਾ ਰਹੇ ਸਨ।
“ਯਾ ਅੱਲ੍ਹਾ¸ ਓ ਮੇਰੇ ਅੱਲ੍ਹਾ¸ਮੈਂ ਮਰ ਜਾਵਾਂਗੀ।”
“ਨਹੀਂ ਤੂੰ ਨਹੀਂ ਮਰੇਂਗੀ। ਤੇਰੇ ਸੀਨੇ ਵਿਚ ਇੰਜ ਹੀ ਧੜਕਨ ਜਾਰੀ ਰਹੇਗੀ। ਮੇਰੇ ਬਾਅਦ ਮੇਰਾ ਦਿਲ ਵੀ ਤਾਂ ਤੇਰੇ ਸੀਨੇ ਵਿਚ ਧੜਕਨ ਲੱਗ ਪਏਗਾ¸ ਮੈਂ-ਮੇਰਾ ਵਜੂਦ ਸਭ ਕੁਝ ਤੂੰ ਸਮੇਟ ਲਿਆ ਏ। ਹੁਣ ਇਹ¸ ਇਹ ਕਦੀ ਨਹੀਂ ਖਿੱਲਰ ਸਕਦਾ। ਕਦੀ ਨਿਵਾਣਾ ਵੱਲ ਨਹੀਂ ਜਾ ਸਕਦਾ¸ ਤੇਰੀ ਹੋਂਦ ਦੇ ਨਾਲ-ਨਾਲ ਉੱਚਾ¸ ਹੋਰ ਉੱਚਾ, ਮੇਰੀ ਪਹੁੰਚ ਤੋਂ ਉੱਚਾ¸ ਉਠਦਾ ਜਾਏਗਾ...ਮੇਰੇ ਸਾਹ ਤੇਰੇ ਹੋਂਠਾਂ ਉੱਪਰ ਸਿਸਕਦੇ ਰਹਿਣਗੇ। ਮੇਰੀਆਂ ਅੱਖਾਂ ਦੀ ਰੋਸ਼ਨੀ ਹੁਣ ਤੇਰੀਆਂ ਅੱਖਾਂ ਵਿਚ ਜਗਮਗਾਏਗੀ...” ਫੇਰ ਮਾਜਿਦ ਦੇ ਮੂੰਹੋਂ ਅਜੀਬ-ਅਜੀਬ ਆਵਾਜ਼ਾਂ ਨਿਕਲਣ ਲੱਗੀਆਂ। ਅੱਖਾਂ ਕਿਸੇ ਗੁੱਝੀ ਪੀੜ ਸਦਕਾ ਬਾਹਰ ਵੱਲ ਨਿਕਲ ਆਈਆਂ। ਚਿਹਰਾ ਤਪੇ ਹੋਏ ਤਾਂਬੇ ਵਾਂਗ ਸੁਰਖ਼ ਹੋ ਗਿਆ। ਉਹ ਦੋਹਾਂ ਹੱਥਾਂ ਨਾਲ ਆਪਣਾ ਗਲ਼ਾ ਰਗੜਣ ਲੱਗ ਪਿਆ¸ ਤੇ ਆਬਿਦਾ ਦੇ ਸੰਭਾਲਦਿਆਂ-ਸੰਭਾਲਦਿਆਂ, ਮੂਧੜੇ-ਮੂੰਹ ਆ ਡਿੱਗਿਆ।
ਸਾਰੇ ਵਾਤਾਵਰਣ ਉੱਪਰ ਇਕ ਚੁੱਪ ਜਿਹੀ ਛਾ ਗਈ¸ ਜਿਵੇਂ ਬੰਬਈ ਦੀ ਆਤਮਾਂ ਨਿਕਲ ਗਈ ਹੋਵੇ। ਆਬਿਦਾ ਦੇ ਕੰਨ ਬੋਲੇ ਹੋ ਗਏ। ਕਮਰੇ ਦਾ ਹਨੇਰਾ ਹੋਰ ਗੂੜ੍ਹਾ ਹੋ ਗਿਆ। ਉਸਨੇ ਬੜੀ ਸਾਵਧਾਨੀ ਨਾਲ ਉਸਨੂੰ ਦੀਵਾਨ ਉੱਪਰ ਸਿੱਧਾ ਲਿਟਾਅ ਦਿੱਤਾ। ਖੁੱਲ੍ਹੀਆਂ ਹੋਈਆਂ ਅੱਖਾਂ ਨੂੰ, ਠਰੀਆਂ ਹੋਈਆ ਹੱਥੇਲੀਆਂ ਨਾਲ, ਬੰਦ ਕੀਤਾ ਤੇ ਵਾਰ-ਵਾਰ ਖੁੱਲ੍ਹ ਰਹੇ ਜਬਾੜੇ ਨੂੰ ਆਪਣੇ ਗੁਲਾਬੀ ਦੁਪੱਟੇ ਨਾਲ ਬੰਨ੍ਹ ਦਿੱਤਾ। ਬਾਹਾਂ ਪਾਸੀਂ ਸੁਚੱਜੇ ਢੰਗ ਨਾਲ ਟਿਕਾਅ ਦਿੱਤੀਆਂ। ਪੋਨੀਟੇਲ 'ਚੋਂ ਰੀਬਨ ਖਿੱਚ ਕੇ ਉਸਦੇ ਪੈਰਾਂ ਦੇ ਅੰਗੂਠੇ ਬੰਨ੍ਹੇ ਤੇ ਕਿਸੇ ਆਗਿਆਕਾਰੀ ਬੱਚੇ ਵਾਂਗ, ਇਕ ਪਾਸੇ ਸਟੂਲ ਉੱਪਰ ਬੈਠ ਗਈ।
ਇਕ ਪਲ ਲਈ ਮਾਜਿਦ ਦੀਆਂ ਅੱਧ-ਮਿਚੀਆਂ ਅੱਖਾਂ ਦੀਆਂ ਪੁਤਲੀਆਂ ਕੰਬੀਆਂ। ਉਸਨੇ ਟੇਢੀ ਅੱਖੇ ਆਬਿਦਾ ਵੱਲ ਦੇਖਿਆ। ਹੋਠਾਂ ਉੱਤੇ ਇਕ ਮੁਸਕਾਨ ਕੰਬੀ। ਹਿੱਕ ਹੇਠ ਜ਼ੋਰਦਾਰ ਠਹਾਕਿਆਂ ਦਾ ਤੂਫ਼ਾਨ ਉਠਿਆ¸ ਫੇਰ ਦੁਨੀਆਂ ਰੁੱਕ ਗਈ।
ਮਾਜਿਦ ਦੀ ਆਖ਼ਰੀ ਨਜ਼ਰ ਕਈ ਕਹਾਣੀਆਂ ਕਹਿ ਗਈ :
ਤੂੰ ਏਨੀ ਸੁਘੜ ਏਂ¸ ਪ੍ਰਾਣ ਨਿਕਲਣ ਤੋਂ ਪਹਿਲਾਂ ਈ ਸਜਾਅ-ਸੰਵਾਰ ਦਿੱਤਾ ਈ। ਉਮੀਦ ਐ ਦੂਜੀ ਦੁਨੀਆਂ ਵਿਚ ਵੀ ਤੇਰੀਆਂ ਦੁਆਵਾਂ ਨੇ ਮੇਰੇ ਆਰਾਮ ਦਾ ਪੂਰਾ-ਪੂਰਾ ਇੰਤਜ਼ਾਮ ਕਰ ਦਿੱਤਾ ਹੋਏਗਾ।'
ਆਬਿਦਾ ਦੀਆਂ ਦੋਏ ਬਾਹਾਂ ਸੁਹਾਗ ਦੀਆਂ ਚੂੜੀਆਂ ਦੇ ਭਾਰ ਨਾਲ ਥੱਕ ਕੇ ਝੂਲ ਗਈਆਂ¸ ਤੇ ਉਹ ਟੁੱਟੇ ਹੋਏ ਤਾਰੇ ਵਾਂਗ ਸ਼ੁੰਨ ਵਿਚ ਡੁੱਬਦੀ ਗਈ।

ਘੰਟੀ ਵਾਰੀ-ਵਾਰੀ ਵੱਜ ਰਹੀ ਸੀ¸ ਜਾਂ ਇਹ ਉਸਦਾ ਭਰਮ ਸੀ। ਉਂਜ ਹੀ ਘੰਟੀਆਂ ਵੱਜਣ ਲੱਗ ਪੈਂਦੀਆਂ ਸਨ। ਸ਼ਾਇਦ ਗੁਆਂਢਣਾ ਦੇ ਪਤੀ ਦਫ਼ਤਰਾਂ 'ਚੋਂ ਵਾਪਸ ਆ ਰਹੇ ਹੋਣਗੇ। ਉਸਦੇ ਫ਼ਲੈਟ ਦੀ ਘੰਟੀ, ਉਮਰ ਭਰ, ਕਦੀ ਨਹੀਂ ਵੱਜੇਗੀ। ਦਰਵਾਜ਼ਾ ਖੋਲ੍ਹਦਿਆਂ ਹੀ ਉਸਨੂੰ ਬਾਹਾਂ ਵਿਚ ਘੁੱਟ ਕੇ, ਉਸਦੇ ਬਾਸੀ ਹੋਂਠ ਕੋਈ ਨਹੀਂ ਚੁੰਮੇਗਾ...ਕਦੀ ਨਹੀਂ ਚੁੰਮੇਗਾ। ਉਹ ਕਬਰ ਵਿਚ ਲੇਟੀ ਸੀ। ਲੋਕ ਛੱਤ ਤੱਕ ਤੁੜੀ ਵਾਂਗ ਭਰੇ ਹੋਏ ਸਨ। ਹੰਝੂ ਵਗ ਰਹੇ ਸਨ। ਸੋਗ ਦੀਆਂ ਘਣਘੋਰ ਘਟਾਵਾਂ ਝੂਲ ਰਹੀਆਂ ਸਨ। ਦੁਨੀਆਂ ਭਰੀ-ਪੂਰੀ ਸੀ, ਪਰ ਉਸਦੀ ਜ਼ਿੰਦਗੀ ਖ਼ਾਲੀ ਤੇ ਸੁੰਨੀ-ਸੱਖਣੀ। ਬਾਹਾਂ ਹੌਲੀਆਂ ਫੁੱਲ ਹੋ ਚੁੱਕੀਆਂ ਸਨ। ਕੋਰੀ ਮਲਮਲ ਦੇ ਸਫ਼ੇਦ ਦੁਪੱਟੇ ਵਿਚ ਲੋਬਾਨ ਤੇ ਕਾਫੂਰ ਦੀ ਡਰਾਵਨੀ ਬੂ ਰਚੀ ਹੋਈ ਸੀ।

...ਘੰਟੀ ਬੀਮਾਰ ਬੱਚੇ ਵਾਂਗ ਲਗਾਤਾਰ ਠੁਣਕ ਰਹੀ ਸੀ¸ ਜਿਵੇਂ ਦੂਰ ਕਿਸੇ ਹੋਰ ਦੁਨੀਆਂ ਵਿਚ ਵੱਜ ਰਹੀ ਹੋਏ। ਉਸਨੇ ਬੜੇ ਮੋਹ ਨਾਲ ਖਿੱਲਰੇ ਹੋਏ ਸੁਪਨੇ ਸਮੇਟੇ ਤੇ ਗਾਦਰੇਜ਼ ਦੀ ਅਲਮਾਰੀ ਵਿਚ ਬੰਦ ਕਰ ਦਿੱਤੇ। ਅੱਧ ਬੁਣਿਆ ਸਵੈਟਰ ਚੁੱਕ ਕੇ ਦਰਾਜ ਵਿਚ ਰੱਖ ਦਿੱਤਾ। ਪੈਰਾਂ ਦੀ ਚੱਪਲ ਪਲੰਘ ਹੇਠ ਖਿਸਕਾ ਦਿੱਤੀ।...ਤੇ ਚੁਟਕੀ ਨਾਲ ਨਿੱਕੀਆਂ-ਨਿੱਕੀਆਂ ਜੁਰਾਬਾਂ ਚੁੱਕ ਕੇ, ਇਕ ਕੋਨੇ ਵਿਚ ਰੱਖ ਦਿੱਤੀਆਂ। ਜਦੋਂ ਉਸਨੇ ਆਪਣਾ ਸ਼ੱਕ ਮਿਟਾਉਣ ਲਈ ਦਰਵਾਜ਼ਾ ਖੋਲ੍ਹਿਆ, ਮੋਨਾ ਨਿਰਾਸ਼ ਹੋ ਕੇ ਵਾਪਸ ਮੁੜ ਚੱਲੀ ਸੀ।
ਖੜਾਕ ਸੁਣ ਕੇ ਉਹ ਵਾਪਸ ਪਰਤ ਆਈ।
“ਜ਼ਰਾ ਅੱਖ ਲੱਗ ਗਈ ਸੀ।”
“ਉਫ਼, ਤੁਹਾਡੀ ਧੀ ਕਿੰਨੀ ਭਾਰੀ ਹੋ ਗਈ ਏ!” ਉਸਦਾ ਸਾਹ ਚੜ੍ਹਿਆ ਹੋਇਆ ਸੀ।
“ਬਕ ਨਾ, ਤੇਰੇ ਮੂੰਹ ਵਿਚ ਖੇਹ¸ ਲਿਆ ਮੈਨੂੰ ਫੜਾ ਦੇਅ।” ਉਸਨੇ ਕੁੜੀ ਨੂੰ ਫੜ੍ਹ ਲਿਆ।
“ਫਿਰ ਵਾਪਸ ਨਹੀਂ ਲਵਾਂਗੀ।” ਉਹ ਬਨਾਉਟੀ ਜਿਹਾ ਹਾਸਾ ਹੱਸਦੀ ਹੋਈ ਬੋਲੀ।
“ਗੱਲਾਂ ਨਾ ਬਣਾ। ਕਿੱਥੋਂ ਦਾ ਪ੍ਰੋਗਰਾਮ ਏਂ?” ਉਹ ਕੁੜੀ ਨੂੰ ਫੜ੍ਹ ਕੇ ਸੋਫੇ ਉੱਤੇ ਬੈਠ ਗਈ।
“ਪੂਨੇ ਦੀ ਆਖ਼ਰੀ ਰੇਸ ਏ। ਉਸ ਤੋਂ ਪਿੱਛੋਂ ਦੋ ਮਹੀਨਿਆਂ ਲਈ ਮਹਾਬਲੇਸ਼ਵਰ ਜਾਣ ਦਾ ਇਰਾਦਾ ਸੀ...ਪਰ ਇਹ ਤੁਹਾਨੂੰ ਬੜਾ ਤੰਗ ਕਰੇਗੀ।”
“ਹਮਦਰਦੀ ਲਈ ਸ਼ੁਕਰੀਆ। ਸ਼ਰਨ ਤਾਂ ਠੀਕ ਨੇ?” ਉਸਨੇ ਗੱਲ ਟਾਲਣ ਲਈ ਪੁੱਛਿਆ।
“ਠੀਕ ਨੇ ਅਕਤੂਬਰ ਵਿਚ ਉਹਨਾਂ ਦੇ ਡਾਈਵੋਰਸ ਕੇਸ ਦਾ ਫ਼ੈਸਲਾ ਹੋ ਜਾਏਗਾ।”
“ਹੂੰ, ਚਲੋ ਮੁਬਾਰਕਾਂ!”
“ਮੈਂ-ਮੈਂ ਕਿੰਨੀ ਕਮੀਨੀ ਆਂ। ਗਰਜ ਹੁੰਦੀ ਏ ਤਾਂ ਇਸਨੂੰ ਤੁਹਾਡੇ ਸਿਰ ਮੜ੍ਹ ਕੇ ਤੁਰ ਜਾਂਦੀ ਆਂ।...ਤੇ ਹੁਣ ਤਾਂ ਮੇਰੀ ਸਮਝ 'ਚ ਨਹੀਂ ਆਉਂਦਾ ਕਿ ਕੀ ਕਰਾਂ...”
“ਫਿਕਰ ਨਾ ਕਰ, ਸਭ ਕੁਝ ਸਮਝ ਆਉਣ ਲੱਗ ਪਏਗਾ। ਸ਼ਾਦੀ ਕ੍ਰਿਸਮਿਸ ਤੋਂ ਪਹਿਲਾਂ ਜਾਂ...!”
“ਨਹੀਂ, ਦੇਰ ਕਰਨ 'ਚ ਕੋਈ ਫਾਇਦਾ ਨਹੀਂ। ਮਰਦ ਜਾਤ ਦਾ ਕੀ ਭਰੋਸਾ! ਨਾ ਜਾਣੇ ਕਦੋਂ ਦਿਲ ਬਦਲ ਜਾਏ? ਅਜੇ ਤਾਂ ਲੋਹਾ ਗਰਮ ਏਂ¸ ਪਰ ਇਹ ਸੋਚਦੀ ਆਂ ਕਿ-ਕਿ...!”
ਆਬਿਦਾ ਨੇ  ਕਤਈ ਉਸਦੀ ਮਦਦ ਨਾ ਕੀਤੀ ਪਰ ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਸੀ। ਜੋ ਵੀ ਮੋਨਾ ਕਹਿਣਾ ਚਾਹੁੰਦੀ ਸੀ, ਖ਼ੁਦ ਹੀ ਕਹਿ ਦਏ।
“ਸ਼ਰਨ ਜੀ ਨੂੰ ਬੱਚੇ ਬਿਲਕੁਲ ਪਸੰਦ ਨਹੀਂ।”
ਆਬਿਦਾ ਚੁੱਪ ਰਹੀ।  
 “ਮੇਰਾ ਝਗੜਾ ਵੀ ਹੋਇਐ ਕਈ ਵਾਰੀ¸ ਪਰ ਉਹ ਖਰਚਾ ਦੇਣ ਲਈ ਤਿਆਰ ਨੇ।”
“ਇਸ ਨਿੱਕੀ-ਜਿਹੀ ਜਿੰਦ ਦਾ ਖਰਚਾ ਈ ਕੀ ਏ?...ਤੇ ਨਾਲੇ ਇਹ ਕੋਈ ਯਤੀਮ ਬੱਚੀ ਨਹੀਂ।”
ਮੋਨਾ ਦੀਆਂ ਅੱਖਾਂ ਸਿੱਜਲ ਹੋ ਗਈਆਂ।²
“ਮੈਂ ਉਦੋਂ ਹੀ ਦੇ ਦਿੱਤੀ ਹੁੰਦੀ ਤਾਂ ਤੁਸੀਂ ਖੁਸ਼ੀ-ਖੁਸ਼ੀ ਲੈ ਲੈਣੀ ਸੀ!”
ਆਬਿਦਾ ਚੁੱਪ ਰਹੀ।
“ਮੈਂ ਜ਼ਿੱਦ ਮਾਰਿਆਂ ਨਹੀਂ ਦਿੱਤੀ¸ ਪਰ ਮੈਨੂੰ ਕਦੀ ਚੈਨ ਨਹੀਂ ਮਿਲਿਆ। ਇੰਜ ਲੱਗਦਾ ਰਿਹਾ ਜਿਵੇਂ ਮੈਂ ਕਿਸੇ ਹੋਰ ਦਾ ਨਿਆਣਾ ਚੁੱਕ ਲਿਆਈ ਹੋਵਾਂ...”
ਆਬਿਦਾ ਚੁੱਪ ਰਹੀ ਤੇ ਚੀਚੀ ਨਾਲ ਸਬਿਹਾ ਦਾ ਚੀਰ ਕੱਢਦੀ ਰਹੀ।
“ਤੁਸੀਂ ਇਕ ਗੱਲ ਨੋਟ ਕੀਤੀ? ਮੇਰੇ  ਨਾਲੋਂ ਜ਼ਿਆਦਾ ਇਹ ਤੁਹਾਡੇ ਨਾਲ ਮਿਲਦੀ ਏ! ਕਦੀ ਮੈਨੂੰ ਬੜਾ ਗੁੱਸਾ ਆਉਂਦਾ ਸੀ। ਮੈਂ ਸੋਚਦੀ ਸਾਂ, ਤੁਸੀਂ ਜਾਦੂਗਰਨੀ ਓ। ਤੁਸੀਂ ਪੇਟ ਵਿਚ ਈ ਇਸਨੂੰ ਮੈਥੋਂ ਖੋਹਣਾ ਸ਼ੁਰੂ ਕਰ ਦਿੱਤਾ ਸੀ।”
ਆਬਿਦਾ ਕੁਝ ਨਾ ਬੋਲੀ। ਬਸ ਅਪਰਾਧੀਆਂ ਵਾਂਗ ਨੀਵੀਂ ਪਾਈ ਬੈਠੀ ਰਹੀ।
“ਪਰ ਇਹ ਮੇਰੀ ਬੇਵਕੂਫ਼ੀ ਸੀ। ਅਸਲ ਵਿਚ ਇਹ ਖਾਨਦਾਨੀ ਚਿਹਰਿਆਂ ਦੀ ਸਮਾਨਤਾ ਐ¸ ਮਾਜਿਦ ਸਾਹਬ ਤੁਹਾਡੇ ਫਸਟ ਕਜਨ ਸੀ ਨਾ?...”
ਆਬਿਦਾ ਨੇ ਕੋਈ ਉੱਤਰ ਨਾ ਦਿੱਤਾ।
“ਕੀ ਇੰਜ ਹੋ ਸਕਦਾ ਏ ਕਿ ਇਕ ਔਰਤ ਦਾ ਬੱਚਾ ਦੂਜੀ ਦੀ ਕੁੱਖ ਵਿਚ ਪਲੇ?” ਮੋਨਾ ਨੇ ਸਹਿਮੀ ਜਿਹੀ ਆਵਾਜ਼ ਵਿਚ ਪੁੱਛਿਆ।
ਆਬਿਦਾ ਦੇ ਹੋਂਠ ਫੇਰ ਵੀ ਨਾ ਹਿੱਲੇ।
“ਖ਼ੁਦਾ ਦੀ ਤਾਕਤ ਸਾਹਮਣੇ ਕੁਝ ਵੀ ਅਸੰਭਵ ਨਹੀਂ।” ਮੋਨਾ ਨੇ ਆਪਣੇ ਸੀਨੇ ਉੱਪਰ ਸਲੀਬ ਦਾ ਨਿਸ਼ਾਨ ਬਣਾਇਆ ਤੇ ਬਿਨਾਂ ਪਿੱਛੇ ਮੁੜ ਕੇ ਦੇਖਿਆਂ ਬਾਹਰ ਨਿਕਲ ਗਈ।
ਉਸਦੇ ਚਲੇ ਜਾਣ ਪਿੱਛੋਂ ਆਬਿਦਾ ਨੇ ਸੁੱਤੀ ਹੋਈ ਕੁੜੀ ਨੂੰ ਚੁੱਕ ਕੇ ਉਸਦੀਆਂ ਨਰਮ-ਮੁਲਾਇਮ, ਨੀਂਦ ਵਿਚ ਡੁੱਬੀਆਂ ਬਾਹਾਂ ਦਾ ਹਾਰ ਆਪਦੇ ਗਲ਼ੇ ਵਿਚ ਪਾਇਆ ਤੇ ਪੱਬਾਂ ਭਾਰ ਤੁਰਦੀ ਹੋਈ ਆਪਣੇ ਬੈੱਡ-ਰੂਮ ਵਿਚ ਆ ਗਈ।
ਉਸਨੇ ਹੌਲੀ ਜਿਹੇ ਕੁੜੀ ਨੂੰ ਉਸ ਜਗ੍ਹਾ ਲਿਟਾਅ ਦਿੱਤਾ ਜਿੱਥੇ ਮਾਜਿਦ ਸੁੱਤੇ ਹੁੰਦੇ ਸਨ। ਸੁੰਨੀ ਸੇਜ ਜਾਗ ਪਈ। ਉਬਾਸੀ ਲੈਂਦਿਆਂ ਹੋਇਆਂ ਉਹ ਆਪਣੀ ਜਗ੍ਹਾ ਲੇਟ ਗਈ।...ਤੇ ਸਿਰਹਾਣੇ 'ਤੇ ਸਿਰ ਰੱਖਦਿਆਂ ਹੀ ਗੂੜ੍ਹੀ ਨੀਂਦ ਵਿਚ ਡੁੱਬ ਗਈ। ਏਨੀ ਗੂੜ੍ਹੀ ਤੇ ਪਿਆਰੀ ਨੀਂਦ ਤਾਂ ਉਸਨੂੰ ਕਈ ਸਾਲਾਂ ਦੀ ਨਹੀਂ ਸੀ ਆਈ।
ਕੰਧ ਉੱਤੇ ਟੰਗੀ ਹੋਈ ਮਾਜਿਦ ਦੀ ਤਸਵੀਰ ਦੀਆਂ ਖੁੱਲ੍ਹੀਆਂ ਅੱਖਾਂ ਸਿੱਥਲ ਸਨ। ਉਹਨਾਂ ਵਿਚ ਨੀਂਦ ਕਿੱਥੇ?...

****************************ਸਮਾਪਤ****************************

ਇਹ ਨਾਵਲਿੱਟ 1988 ਵਿਚ ਪੰਜਾਬੀ ਟ੍ਰਿਬਿਊਨ ਵਿਚ ਛਪਦਾ ਰਿਹਾ ਹੈ…

   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.

No comments:

Post a Comment