Tuesday 13 July 2010

ਚੌਥੀ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ


ਅਨੁਵਾਦ : ਮਹਿੰਦਰ ਬੇਦੀ ਜੈਤੋ


ਆਬਿਦਾ ਦੀ ਬਿਮਾਰੀ ਦੀ ਖਬਰ ਸੁਣਦਿਆਂ ਹੀ ਦੁਨੀਆਂ ਭਰ ਦੇ ਰਿਸ਼ਤੇਦਾਰ ਇਕੱਠੇ ਹੋ ਗਏ। ਜਿਹੜਾ ਵੀ ਉਸਦੀ ਪੀਲੀ ਹਲਦੀ ਵਰਗੀ ਰੰਗਤ ਤੇ ਠੰਡੇ-ਯਖ਼ ਹੱਥ-ਪੈਰ ਦੇਖਦਾ, ਦੁੱਖ ਪਰਗਟ ਕਰਨ ਲੱਗਦਾ। 'ਹਾਏ ਏਨੇ ਦਿਨਾਂ ਦੀਆਂ ਮੰਨਤਾਂ-ਮਨੌਤਾਂ ਬਾਅਦ, ਬੂਰ ਆਇਆ ਤੇ ਝੜ ਗਿਆ।'
ਜਦੋਂ ਆਬਿਦਾ ਨੇ ਵੀ ਇਸ ਮਿਥਿਆ ਗੱਲ ਦਾ ਖੰਡਨ ਨਾ ਕੀਤਾ ਤਾਂ ਮਾਜਿਦ ਨੇ ਵੀ ਚੁੱਪ ਧਾਰੀ ਰੱਖੀ। ਜੇ ਲੋਕ ਸਮਝਦੇ ਨੇ ਕਿ ਗਰਭਪਾਤ ਹੋਇਆ ਹੈ ਤਾਂ ਉਹ ਕਿਉਂ ਇਸ ਸੁਖਦ ਧਾਰਨਾ ਦਾ ਖੰਡਨ ਕਰੇ? ਵੈਸੇ ਉਸਨੂੰ ਤਾਂ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹੱਥੀਂ ਆਪਣੇ ਢਿੱਡੋਂ ਜਾਈ ਨੂੰ ਦਫ਼ਨ ਕਰਕੇ ਆਈ ਹੋਵੇ।
ਘਰ ਵਿਚ ਮਹਿਮਾਨਾ ਦੀ ਭੀੜ ਕਾਰਨ ਮੀਆਂ ਬੀਵੀ ਨੂੰ ਆਪਸ ਵਿਚ ਗੱਲ ਕਰਨ ਦਾ ਮੌਕਾ ਤਕ ਨਹੀਂ ਸੀ ਮਿਲਿਆ। ਵੈਸੇ ਮਾਜਿਦ ਕੁਝ ਨਿਸਚਿੰਤ ਜਿਹਾ ਹੋ ਗਿਆ ਸੀ¸ ਆਬਿਦਾ ਦੀ ਗੋਦ ਵਿਚ ਉਸਦੀ ਮੂਰਖਤਾ ਦਾ ਫਲ ਕਿੰਨਾ ਅਜੀਬ ਲੱਗਣਾ ਸੀ! ਹਰ ਵੇਲੇ ਗਲ਼ੇ ਵਿਚ ਰੱਸਾ ਜਿਹਾ ਪਿਆ ਰਹਿੰਦਾ ਮੋਨਾ ਨੇ ਕੁੜੀ ਨਾ ਦੇ ਕੇ ਉਸ ਉੱਤੇ ਬੜਾ ਵੱਡਾ ਅਹਿਸਾਨ ਕੀਤਾ ਸੀ।

ਮੋਨਾ ਦੀ ਚਿੱਠੀ ਦਫ਼ਤਰ ਦੇ ਪਤੇ ਉੱਤੇ ਦੇਖ ਕੇ ਉਹ ਹੋਰਾਂ ਪਤੀਆਂ ਵਾਂਗ ਹੀ ਤ੍ਰਭਕਿਆ। ਆਬਿਦਾ ਤੋਂ ਲਕੋਅ ਰੱਖਣ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਵੈਸੇ ਮਹਿਮਾਨਾ ਸਾਹਮਣੇ ਤਾਂ ਉਹ ਵੀ ਬੜੀ ਪਿਆਰ ਕਰਨ ਵਾਲੀ ਬੀਵੀ ਦਿਖਾਈ ਦਿੰਦੀ ਸੀ ਪਰ ਇਕਾਂਤ ਵਿਚ ਉਸ ਨਾਲ ਗੱਲ ਕਰਨ ਦੇ ਖ਼ਿਆਲ ਤੋਂ ਹੀ ਮਾਜਿਦ ਨੂੰ ਧੁੜਧੁੜੀਆਂ ਆਉਣ ਲੱਗ ਪੈਂਦੀਆਂ ਸਨ। ਨਾਲੇ ਉਹ ਇਸ ਗੱਲ ਨੂੰ ਭੁੱਲਦੀ ਜਾ ਰਹੀ ਹੈ¸ ਫੇਰ ਜਖ਼ਮਾਂ ਨੂੰ ਕੁਰੇਦਨ ਦਾ ਭਲਾ ਕੀ ਫ਼ਾਇਦਾ? ਪਰ ਜਦੋਂ ਉਹ ਦਫ਼ਤਰੋਂ ਘਰ ਆਇਆ ਤਾਂ ਆਬਿਦਾ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਹੋ ਰਹੀ। ਉਸ ਨੇ ਬੜੀ ਸ਼ਾਨ ਤੇ ਲਾਪ੍ਰਵਾਹੀ ਨਾਲ ਉਸਦੀ ਸਿਹਤ ਦਾ ਹਾਲ ਪੁੱਛਿਆ। ਫੇਰ ਗਰਮੀ ਦੀ ਸ਼ਿਕਾਇਤ ਕਰਨ ਲੱਗਾ। ਪਰ ਉਸ ਦੇ ਪੈਰਾਂ ਵਿਚ ਸੂਈਆਂ ਜਿਹੀਆਂ ਚੁਭਣ ਲੱਗੀਆਂ ਜਦੋਂ ਉਸਨੇ ਉਸਨੂੰ ਟਿਕਟਿਕੀ ਲਾ ਕੇ ਆਪਣੇ ਵੱਲ ਦੇਖਦਿਆਂ ਵੇਖਿਆ।
“ਕੀ ਲਿਖਿਆ ਏ?” ਆਬਿਦਾ ਨੇ ਬੜੇ ਪਿਆਰ ਨਾਲ ਪੁੱਛਿਆ। ਕੁਝ ਚਿਰ ਲਈ ਉਹ ਬਰਫ਼ ਦੀ ਸਿਲ ਹੀ ਤਾਂ ਬਣ ਗਿਆ ਸੀ। 'ਤੈਨੂੰ ਕਿਵੇਂ ਪਤਾ ਲੱਗਿਆ, ਜਾਦੂਗਰਨੀਏਂ?' ਪਰ ਉਹ ਉਸੇ ਤਰ੍ਹਾਂ ਚੁੱਪ ਰਿਹਾ।
“ਠੀਕ ਠਾਕ ਤਾਂ ਹੈ ਨਾ?” ਉਸਨੂੰ ਜੇਬ ਟਟੋਲਦਿਆਂ ਦੇਖ ਕੇ ਉਹ ਬੋਲੀ।
ਮੋਨਾ ਨੇ ਲਿਖਿਆ ਸੀ, 'ਆਪਣੀ ਬੀਵੀ ਤੋਂ ਹੱਥ ਜੋੜ ਕੇ ਮੇਰੇ ਵੱਲੋਂ ਮੁਆਫ਼ੀ ਮੰਗ ਕੇ ਕਹਿਣਾ ਕਿ ਉਹ ਮਾਂ ਨਹੀਂ, ਪਰ ਢੇਰ ਸਾਰੀਆਂ ਕਿਤਾਬਾਂ ਤਾਂ ਪੜ੍ਹੀਆਂ ਹਨ¸ ਇਸ ਲਈ ਥੋੜ੍ਹਾ ਬਹੁਤ ਤਾਂ ਅੰਦਾਜ਼ਾ ਹੋਏਗਾ ਕਿ ਮੈਂ ਗੰਵਾਰ ਸਹੀ, ਮਾਂ ਤਾਂ ਹਾਂ।...ਉਹ ਇਹ ਕਿਉਂ ਸੋਚਦੀ ਹੈ ਕਿ ਮੈਂ ਉਸਨੂੰ, ਆਪਣੇ ਵਰਗੀ ਬੇਵਕੂਫ਼ ਬਣਾ ਦਿਆਂਗੀ? ਮੈਂ ਪਵਿੱਤਰ ਮਰੀਅਮ ਦੀ ਸਹੁੰ ਖਾ ਕੇ ਕਹਿੰਦੀ ਹਾਂ, ਮੈਂ ਉਸਨੂੰ ਸ਼ਰੀਫ਼ਜਾਦੀਆਂ ਵਾਂਗ ਨੇਕ ਤੇ ਪਵਿੱਤਰ ਰੱਖਾਂਗੀ। ਜ਼ਰਾ ਤਾਕਤ ਆ ਜਾਏ ਤਾਂ ਮੈਨੂੰ ਯਕੀਨ ਹੈ, ਇੱਥੇ ਕਾਰਖਾਨੇ ਵਿਚ ਮੈਨੂੰ ਟਾਈਪਿਟ ਦੀ 'ਜਾਬ' ਮਿਲ ਜਾਏਗੀ। ਮਿਹਰਬਾਨੀ ਕਰਕੇ ਇਸ ਮਾਮਲੇ ਵਿਚ ਆਪਣੀ ਬੀਵੀ ਨੂੰ ਨਾ ਘਸੀਟੋ। ਉਹ ਬੜੀ ਨੇਕ ਦਿਲ ਹੈ, ਮੈਨੂੰ ਉਸ ਤੋਂ ਡਰ ਲੱਗਦਾ ਹੈ'।
ਜਿਵੇਂ-ਜਿਵੇਂ ਆਬਿਦਾ ਖ਼ਤ ਪੜ੍ਹਦੀ ਗਈ ਉਸਦੇ ਚਿਹਰੇ ਉੱਪਰ ਮੁਸਕਰਾਹਟ ਫ਼ੈਲਦੀ ਗਈ ਤੇ ਮਾਜਿਦ ਦੇ ਚਿਹਰੇ ਉਪਰ ਫਿਟਕਾਰਾਂ...। ਉਸਦਾ ਖ਼ਿਆਲ ਸੀ¸ ਗੱਲ, ਗਈ-ਬੀਤੀ ਹੋ ਗਈ ਹੈ। ਹੁਣ ਅੰਤਰ-ਆਤਮਾਂ ਤੋਂ ਬੋਝ ਵੀ ਲੱਥ ਜਾਏਗਾ। ਤਣਾਅ ਮਿਟ ਜਾਏਗਾ। ਆਬਿਦਾ ਫੇਰ ਪਹਿਲਾਂ ਵਾਂਗਰ ਦਿਲਚਸਪ ਤੇ ਗਾਲੜੀ ਹੋ ਜਾਏਗੀ। ਮੁਆਫ਼ੀ ਮਿਲ ਜਾਏਗੀ।
“ਡਰਾਫਟ ਭੇਜਣ ਵਿਚ ਆਸਾਨੀ ਰਹੇਗੀ ਜਾਂ ਮਨੀਆਡਰ?” ਉਸਨੇ ਖੁਸ਼ ਹੋ ਕੇ ਪੁੱਛਿਆ ਸੀ। ਮਾਜਿਦ ਦਾ ਚਿਹਰਾ ਲੱਥ ਗਿਆ¸ ਇਹ ਔਰਤ ਹੈ ਜਾਂ ਚਟਾਨ! ਕਾਸ਼ ਆਮ ਔਰਤਾਂ ਵਾਂਗ ਉਸਦਾ ਮੂੰਹ ਵਲੂੰਧਰ ਸੁੱਟਦੀ, ਗਾਲ੍ਹਾਂ ਦੇਣ ਲੱਗ ਪੈਂਦੀ ਤਾਂ ਉਹ ਇੰਜ ਉੱਲੂਆਂ ਵਾਂਗ ਬੈਠਾ, ਦੇਖਣ ਜੋਗਾ ਤਾਂ ਨਾ ਰਹਿ ਜਾਂਦਾ।
“ਨਾ ਡਰਾਫਟ, ਨਾ ਮਨੀਆਡਰ। ਉਹ ਖ਼ੁਦ ਕਮਾਅ ਸਕਦੀ ਹੈ।” ਬਜਾਏ ਅਹਿਸਾਨ ਮੰਨਣ ਦੇ ਉਹ ਚਿੜ ਗਿਆ।
“ਝੱਲ-ਵਲੱਲੀਆਂ ਗੱਲਾਂ ਨਾ ਕਰੋ।”
“ਉਹ ਤੈਨੂੰ ਗਾਲ੍ਹਾਂ ਦੇ ਰਹੀ ਹੈ ਤੇ ਤੂੰ ਉਸਨੂੰ ਮਨੀਆਡਰ ਭੇਜਣ ਦੀ ਫਿਕਰ ਵਿਚ ਏਂ।”
“ਉਹ ਆਪਣਾ ਫ਼ਰਜ਼ ਅਦਾ ਕਰ ਰਹੀ ਏ ਤੇ ਮੈਂ ਆਪਣਾ।”
ਮਾਜਿਦ ਦੇ ਦਿਲ ਵਿਚ ਆਇਆ ਕੂਕ ਕੇ ਕਹੇ, 'ਉਹ ਤੇਰਾ ਗੁਨਾਹ ਨਹੀਂ, ਮੇਰਾ ਗੁਨਾਹ ਹੈ। ਤੂੰ ਉਸਨੂੰ ਆਪਣੇ ਸਿਰ ਕਿਉਂ ਲੈ ਰਹੀ ਏਂ'...ਪਰ ਉਹ ਚੁੱਪ ਰਿਹਾ ਤੇ ਚਿੱਠੀ ਉਸਦੇ ਹੱਥੋਂ ਲੈ ਕੇ ਪਾੜਨ ਲੱਗਾ।
“ਓ-ਓ¸ ਮੈਨੂੰ ਪਤਾ ਤਾਂ ਦੇਖ ਲੈਣ ਦਿਓ।” ਉਸਨੇ ਚਿੱਠੀ ਖੋਹ ਕੇ ਆਪਣੇ ਸਿਰਹਾਣੇ ਹੇਠ ਰੱਖ ਲਈ।
“ਕੀ ਕਰੇਂਗੀ ਇਸਦਾ?”
“ਸਿਰ 'ਚ ਮਾਰਾਂਗੀ ਆਪਣੇ।”

ਉਸਦਾ ਹਾਲ-ਚਾਲ ਪੁੱਛਣ ਆਏ ਲੋਕ ਦਿਨ ਭਰ ਬੰਬਈ ਦੀ ਸੈਰ ਵਿਚ ਮਸਤ ਰਹਿੰਦੇ। ਐਲੀਫੈਂਟਾ 'ਚ ਪਿਕਨਿਕ ਦੇ ਪ੍ਰੋਗਰਾਮ ਬਣਾਉਂਦੇ। ਫ਼ਿਲਮਾਂ ਦੀਆਂ ਸ਼ੂਟਿੰਗਾਂ ਦੇਖਦੇ ਤੇ ਫ਼ਿਲਮ ਸਟਾਰਾਂ ਨੂੰ ਮਿਲਣ ਤੁਰੇ ਰਹਿੰਦੇ। ਲੰਮੇ-ਵੱਡੇ ਦਸਤਰਖਾਨ ਸਜਦੇ, ਹਾਸਾ-ਠੱਠਾ ਹੁੰਦਾ¸ ਪਰ ਉਸ ਹੁਲੜ-ਮਸਤੀ ਵਿਚ ਕਿਸੇ ਨੂੰ ਵੀ ਮੀਆਂ ਬੀਵੀ ਦੀ ਮਾਨਸਿਕ ਹਾਲਤ ਦਾ ਅਹਿਸਾਸ ਤਕ ਨਾ ਹੁੰਦਾ। ਇਸ ਬੰਗਲੇ ਵਿਚ ਦੋਏ ਆਪੋ-ਆਪਣੀਆਂ ਸਲੀਬਾਂ ਚੁੱਕੀ, ਝੂਠੀਆਂ-ਮੁਸਕਰਾਹਟਾਂ ਖਿਲਾਰਦੇ ਹੋਏ, ਦੇਖਣ ਵਾਲਿਆਂ ਲਈ ਆਦਰਸ਼ ਦੰਪਤੀ ਬਣੇ ਰਹਿੰਦੇ ਪਰ ਰਾਤ ਨੂੰ ਜਦੋਂ ਡਬਲ-ਬੈੱਡ ਉੱਪਰ ਲੇਟਦੇ ਤਾਂ ਇਕ ਪੱਥਰੀਲੀ ਕੰਧ ਉਹਨਾਂ ਵਿਚਕਾਰ ਉੱਸਰੀ ਹੋਈ ਜਾਪਦੀ।
ਇਕ ਵਾਰੀ ਮਾਜਿਦ ਨੇ ਉਸ ਕੰਧ ਨੂੰ ਆਪਣਾ ਵਹਿਮ ਸਮਝ ਕੇ, ਆਬਿਦਾ ਨੂੰ ਆਪਣੇ ਵੱਲ ਖਿੱਚਣਾ ਚਾਹਿਆ ਤਾਂ ਉਹ ਯਕਦਮ ਡਰ ਗਈ ਤੇ ਉਸਦੀ ਚੀਕ ਵੀ ਨਿਕਾਲ ਗਈ। ਲੈਂਪ ਜਗਾਇਆ, ਤਾਂ ਬਿੰਦ ਦਾ ਬਿੰਦ ਉਸਨੂੰ ਆਬਿਦਾ ਦੀਆਂ ਨਿਗਾਹਾਂ ਵਿਚ ਅਜਿਹੀ ਭਿਆਨਕ ਨਫ਼ਰਤ ਦਿਖਾਈ ਦਿੱਤੀ ਕਿ ਉਹ ਠਠੰਬਰ ਕੇ ਪਿੱਛੇ ਹਟ ਗਿਆ।
“ਓ-ਅ, ਮੈਂ ਉਂਘ ਗਈ ਸਾਂ।” ਦੂਜੇ ਪਲ ਮੁਸਕਰਾਹਟ ਪਰਤ ਆਈ ਤੇ ਉਹ ਢੈਲੀ ਪੈ ਗਈ। ਜੇ ਮਾਜਿਦ ਚਾਹੁੰਦਾ ਤਾਂ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲੈਂਦਾ ਪਰ, ਉਸ ਦੀਆਂ ਬਾਹਾਂ ਬੇਜਾਨ ਜਿਹੀਆਂ ਹੋ ਗਈਆਂ ਸਨ।
ਇਸ ਤੋਂ ਬਿਨਾਂ ਵੀ ਜਦੋਂ ਉਹ ਬੜੀ ਸੋਚ-ਵਿਚਾਰ ਤੋਂ ਪਿੱਛੋਂ ਉਸਨੂੰ ਆਪਣੀ ਗਲਵੱਕੜੀ ਵਿਚ ਲੈਣ ਦੀ ਕੋਸ਼ਿਸ਼ ਕਰਦਾ, ਉਹ ਜ਼ਰਾ ਜਿੰਨੀ ਝਿਜਕ ਤੋਂ ਬਾਅਦ ਪਿਘਲ ਤਾਂ ਜਾਂਦੀ ਪਰ ਗੱਲ ਨੂੰ ਘੁਮਾਅ-ਫਿਰਾਅ ਕੇ ਮੋਨਾ ਤੇ ਕੈਥੀ ਉੱਪਰ ਲੈ ਆਉਂਦੀ ਤੇ ਮਾਜਿਦ ਦੀ ਰਹੀ-ਸਹੀ ਹਿੰਮਤ ਵੀ ਜੁਆਬ ਦੇ ਜਾਂਦੀ।
“ਅਜੇ ਤਕ ਨਾਰਾਜ਼ ਏਂ?” ਉਸਨੇ ਪੁਰਾਣੇ ਲਹਿਜੇ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ।
“ਉਫ਼, ਇਹ ਚਿਪਚਿਪੀਆਂ ਗੱਲਾਂ ਨਾ ਕਰਿਆ ਕਰੋ, ਘਿਣ ਆਉਂਦੀ ਏ।” ਉਹ ਵੀ ਪੁਰਾਣੇ ਅੱਲ੍ਹੜ ਅੰਦਾਜ਼ ਵਿਚ ਤੁੜਕਦੀ, “ਭਲਾ ਨਾਰਾਜ਼ ਕਾਸ ਤੋਂ ਹੋਵਾਂਗੀ।”
“ਕਤਰਾ ਤੇ ਰਹੀ ਏਂ।”
“ਅੱਲਾ, ਮੈਂ ਕਿਉਂ ਕਤਰਾਉਣ ਲੱਗੀ? ਮੈਂ ਕਿਹੜਾ ਕੋਈ ਚੋਰੀ ਕੀਤੀ ਏ ਜੋ ਤੁਹਾਥੋਂ ਕਤਰਾਵਾਂਗੀ?”
“ਚੋਰੀ ਤਾਂ ਮੈਂ ਕੀਤੀ¸ ਪਰ ਸਜ਼ਾ ਤੈਨੂੰ ਭੁਗਤਨੀ ਪਈ।”
“ਏਨੇ ਰੁਮਾਂਟਿਕ ਨਾ ਬਣੋ। ਅੱਛਾ ਚਲੋ, ਸੌਂ ਜਾਓ। ਘਰ ਵਿਚ ਮਹਿਮਾਨ ਭਰੇ ਹੋਏ ਨੇ ਤੇ ਸਾਨੂੰ ਚੋਚਲੇ ਸੁੱਝ ਰਹੇ ਨੇ।”
“ਤੈਨੂੰ ਤਾਂ ਬਸ ਕੋਈ ਬਹਾਨਾ ਚਾਹੀਦਾ ਹੁੰਦੈ।”
“ਵਾਧੂ ਦਾ ਵਹਿਮ ਹੋ ਗਿਆ ਏ ਤੁਹਾਨੂੰ, ਹੋਰ ਕੁਝ ਨਹੀਂ।” ਆਬਿਦਾ ਖਿਝ ਗਈ।
“ਸੱਚ ਦੱਸੀਂ ਕਿੰਨੇ ਦਿਨਾਂ ਦਾ ਅਸੀਂ ਪਿਆਰ ਨਹੀਂ ਕੀਤਾ?”
“ਲਓ...” ਆਬਿਦਾ ਨੇ ਉਸ ਕੰਡਿਆਲੀ ਵਾੜ ਦੇ ਉਸ ਪਾਸਿਓਂ ਝੁਕ ਕੇ ਆਪਣੇ ਠਰੇ ਜਿਹੇ, ਅਜਨਬੀ ਹੋਂਠ, ਉਸਦੇ ਅਸੁਆਦੀ ਹੋਂਠਾਂ ਉੱਪਰ ਰੱਖ ਦਿੱਤੇ। “ਬਸ?” ਦੋਏ ਬੜੀ ਦੇਰ ਤਕ ਏਨੇ ਨਾਜ਼ੁਕ ਤੇ ਦਿਲਚਸਪ ਵਿਸ਼ੇ ਉੱਪਰ ਬੜੀ ਰੁੱਖੀ ਜਿਹੀ ਬਹਿਸ ਕਰਦੇ ਰਹੇ¸ ਜਿਸਦਾ ਨਾ ਕੋਈ ਸਿਰ ਸੀ, ਨਾ ਕੋਈ ਪੈਰ। ਇੱਥੋਂ ਤਕ ਕਿ ਸੰਘ ਸੁੱਕਣ ਲੱਗੇ ਤੇ ਅੱਖਾਂ ਵਿਚ ਰੜਕ ਪੈਣ ਲੱਗ ਪਈ। ਅਖ਼ੀਰ ਦੋਏ ਥੱਕ-ਹਾਰ ਕੇ ਸੌਂ ਗਏ¸ ਪਰ ਨੀਂਦ ਵਿਚ ਆਹਾਂ ਭਰਦੇ ਰਹੇ, ਕਰਾਹੁੰਦੇ ਰਹੇ ਤੇ ਇਕ ਦੂਸਰੇ ਨੂੰ ਲੱਭਦੇ ਰਹੇ।
ਮਹਿਮਾਨ ਹੌਲੀ-ਹੌਲੀ ਵਿਦਾ ਹੋਣ ਲੱਗੇ। ਆਖੀਰ ਕਣਕ ਵਿਚ ਘੁੰਡੀਆਂ ਹੀ ਰਹਿ ਗਈਆਂ। ਆਬਿਦਾ ਦੀ ਖ਼ਰਾਬ ਸਿਹਤ ਵੱਲ ਦੇਖ ਕੇ ਉਹਨਾਂ ਨੇ ਉਸਨੂੰ ਪੇਕੇ ਭੇਜ ਦੇਣ ਦੀ ਸਲਾਹ ਦਿੱਤੀ¸ ਤੇ ਆਬਿਦਾ ਤਿਆਰ ਹੋ ਗਈ।
“ਕਿਉਂ, ਤਿਆਰੀ ਖਿੱਚ ਲਈ ਏ?” ਮਾਜਿਦ ਬੁਰਾ ਮੰਨ ਗਏ।
“ਬਾਜੀ ਨਹੀਂ ਮੰਨਦੀ ਪਈ। ਮੈਂ ਵੀ ਸੋਚ ਰਹੀ ਆਂ, ਅੰਮੀ ਕਿੰਨੇ ਦਿਨਾਂ ਦੇ ਇਕੱਲੇ ਨੇ।”
“ਮੈਂ ਵੀ ਤਾਂ ਇਕੱਲਾ ਆਂ।”
“ਅਗਲੇ ਮਹੀਨੇ ਤੁਸੀਂ ਟੂਰ 'ਤੇ ਜਾ ਰਹੇ ਓ, ਤਦ ਮੈਂ ਵੀ ਇਕੱਲੀ ਰਹਿ ਜਾਵਾਂਗੀ। ਫਰੀਦਾ ਦਾ ਜਨਮ ਦਿਨ ਵੀ ਆ ਰਿਹੈ। ਸੋਚਦੀ ਆਂ, ਉਹ ਪਿਆਜੀ ਰੰਗ ਦੀ ਚੀਨੀ ਅਤਲਸ ਜੋ ਤੁਸੀਂ ਮੇਰੀ ਕਮੀਜ ਲਈ ਲਿਆਏ ਸੀ, ਉਸਦਾ ਸੂਟ ਬਣਾ ਦਿਆਂ। ਮੈਂ ਤਾਂ ਸੱਬੀ¸ ਕੈਥੀ ਦੇ ਜਨਮ ਦਿਨ ਲਈ ਰੱਖੀ ਸੀ ਪਰ ਹੁਣ ਸੋਚਦੀ ਆਂ...”
ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਮਾਜਿਦ ਨੂੰ ਜਿਵੇਂ ਕੋਈ ਡੰਗ ਮਾਰ ਰਿਹਾ ਸੀ¸ ਪਰ ਉਸਨੇ ਧੀਰਜ ਨਾ ਛੱਡਿਆ।
“ਘਰ ਫੇਰ ਉਲਟ-ਪਲਟ ਹੋ ਜਾਏਗਾ।”
“ਮੈਂ ਐਤਕੀਂ ਸਾਰੇ ਚੰਗੇ-ਚੰਗੇ ਸੂਟ ਜਿੰਦਰੇ 'ਚ ਬੰਦਾ ਕਰਕੇ ਜਾਵਾਂਗੀ। ਬਸ ਜ਼ਰੂਰਤ ਦੀਆਂ ਚੀਜਾਂ ਦੀ ਚਾਬੀ ਤੁਹਾਨੂੰ ਫੜਾ ਜਾਵਾਂਗੀ।”
“ਕੀ ਮੈਨੂੰ ਵੀ ਬਕਸੇ 'ਚ ਬੰਦ ਕਰਕੇ ਜਿੰਦਰਾ ਲਾ ਜਾਵੇਂਗੀ!”
“ਨਹੀਂ ਤੁਹਾਨੂੰ ਤਾਂ ਆਪਣੇ ਦਿਲ ਵਿਚ ਬੰਦ ਕਰਦੇ ਨਾਲ ਹੀ ਲੈ ਜਾਵਾਂਗੀ।” ਉਸਨੇ ਸ਼ਰਾਰਤ ਕੀਤੀ ਪਰ ਮਾਜਿਦ ਦਾ ਵਧ ਰਿਹਾ ਹੌਸਲਾ ਨਹੀਂ ਦੇਖਿਆ ਤੇ ਬੜੇ ਆਰਾਮ ਨਾਲ ਉਠ ਕੇ ਪਲੰਘ ਹੇਠੋਂ ਸੂਟਕੇਸ ਕੱਢਣ ਲੱਗ ਪਈ। ਮਾਜਿਦਾ ਮੂਰਖਾਂ ਵਾਂਗ ਸਿਰਹਾਣਿਆਂ ਹੇਠ ਹੱਥ ਮਾਰਨ ਲੱਗਾ ਜਿਵੇਂ ਕੁਝ ਲੱਭ ਰਿਹਾ ਹੋਏ। ਆਸ ਦੇ ਉਲਟ ਉਸਦੇ ਹੱਥ ਕਾਗਜ਼ ਦਾ ਇਕ ਟੁਕੜਾ ਆ ਗਿਆ...ਉਸਨੇ ਦੇਖਿਆ, ਉਹ ਮੋਨਾ ਦੇ ਮਨੀਆਡਰ ਦੀ ਰਸੀਦ ਸੀ। ਉਸਨੂੰ ਲੱਗਿਆ ਨਾੜਾਂ ਵਿਚ ਵਹਿ ਰਿਹਾ ਖੂਨ, ਅਚਾਨਕ ਰੁਕ ਗਿਆ ਹੈ।
“ਓ-ਏ¸ ਤੇ ਮੈਂ ਸਾਰੇ ਘਰ ਵਿਚ ਲੱਭਦੀ ਫਿਰ ਰਹੀ ਸਾਂ ਕਿ ਰਸੀਦ ਕਿੱਥੇ ਗਈ...” ਉਸਨੇ ਉਸਦੇ ਹੱਥੋਂ ਰਸੀਦ ਫੜ੍ਹ ਲਈ, ਦਰਾਜ ਖੋਲ੍ਹ ਕੇ ਇਕ ਬੜੀ ਹੀ ਖੂਬਸੂਰਤ ਫਾਈਲ ਕੱਢੀ ਤੇ ਉਸ ਵਿਚ ਨੱਥੀ ਕਰ ਦਿੱਤੀ।
ਉਸ ਰਾਤ ਅਚਾਨਕ ਮਾਜਿਦ ਦੀ ਅੱਖ ਖੁੱਲ੍ਹ ਗਈ। ਆਬਿਦਾ ਨੀਂਦ ਵਿਚ ਹੌਂਕੇ ਲੈ ਰਹੀ ਸੀ।
“ਆਬਿਦਾ! ਆਬਿਦਾ!! ਕੀ ਹੋਇਆ? ਆਬਿਦਾ...” ਮਾਜਿਦ ਨੇ ਉਸਨੂੰ ਝੰਜੋੜਿਆ ਤੇ ਉਹ ਉੱਠ ਕੇ ਬੈਠ ਗਈ।
“ਕੀ ਗੱਲ ਏ?” ਉਸਨੇ ਹੈਰਾਨ ਹੁੰਦਿਆਂ ਪੁੱਛਿਆ¸ ਆਵਾਜ਼ ਵਿਚ ਗ਼ਮ ਜਾਂ ਡਰ ਦੇ ਆਸਾਰ ਨਹੀਂ ਸਨ।
“ਤੂੰ ਸੁੱਤੀ ਪਈ ਰੋ ਰਹੀ ਸੈਂ¸ ਕੋਈ ਡਰਾਵਨਾ ਸੁਪਨਾ ਦੇਖਿਆ ਈ?”
“ਨਹੀਂ।”
“ਫੇਰ ਰੋ ਕਿਉਂ ਰਹੀ ਸੈਂ?”
“ਮੈਂ ਕਦੋਂ ਰੋ ਰਹੀ ਸਾਂ !”  ਉਸਨੇ ਆਪਣੇ ਚਿਹਰੇ ਉੱਤੇ ਹੱਥ ਫੇਰਿਆ, “ਹੈਂ!” ਉਹ ਅੱਥਰੂ ਦੇਖ ਕੇ ਹੱਸ ਪਈ, “ਪਰ ਕਸਮ ਨਾਲ ਮੈਂ ਕੋਈ ਸੁਪਨਾ ਨਹੀਂ ਦੇਖਿਆ। ਕਈ ਸਾਲਾਂ ਤੋਂ ਮੈਨੂੰ ਕਦੀ ਕੋਈ ਸੁਪਨਾ ਹੀ ਨਹੀਂ ਆਇਆ।” ਉਹ ਆਪਣੀ ਸਫਾਈ ਪੇਸ਼ ਕਰਨ ਲੱਗੀ।
“ਭੁੱਲ ਗਈ ਹੋਏਂਗੀ। ਕਈ ਸੁਪਨੇ ਇਹੋ ਜਿਹੇ ਵੀ ਹੁੰਦੇ ਨੇ।”
“ਪਰ ਮੈਂ ਜੋ ਕਹਿ ਰਹੀ ਆਂ, ਮੈਨੂੰ ਕੋਈ ਸੁਪਨਾ ਆਇਆ ਹੀ ਨਹੀਂ ਕਦੀ। ਫਿਰ ਤੁਸੀਂ ਮੱਲੋਮੱਲੀ...” ਉਹ ਬੁਰਾ ਮੰਨ ਗਈ।
“ਇਸ ਵਿਚ ਕੋਈ ਬੁਰਾਈ ਤਾਂ ਨਹੀਂ¸ ਸਾਰੇ ਲੋਕ ਸੁਪਨੇ ਦੇਖਦੇ ਨੇ।”
“ਜੇ ਮੈਂ ਸੁਪਨਾ ਦੇਖਿਆ ਹੁੰਦਾ ਤਾਂ ਮੁੱਕਰਨ ਵਾਲੀ ਕੀ ਗੱਲ ਸੀ¸ ਸੁਪਨਿਆਂ ਉੱਪਰ ਟੈਕਸ ਲੱਗਦਾ ਏ ਕੋਈ?...ਜੋ ਮੈਂ ਝੂਠ ਬੋਲਾਂਗੀ?” ਉਸਦੀ ਆਵਾਜ਼ ਉੱਚੀ ਹੋਣ ਲੱਗ ਪਈ।
“ਓ-ਹੋ, ਪਰ...।”
“ਮੈਂ ਕੁਰਾਨ ਦੀ ਸਹੁੰ ਖਾ ਕੇ ਕਹਿੰਦੀ ਆਂ, ਜੇ ਮੈਂ ਕੋਈ ਸੁਪਨਾ ਦੇਖਿਆ ਹੋਏ ਤਾਂ ਮੇਰੀਆਂ ਅੱਖਾਂ ਫੁੱਟ ਜਾਣ...” ਉਹ ਹਿਸਟੀਰੀਕਲ ਹੋ ਗਈ।
“ਆਬਿਦਾ¸ ਖ਼ਦਾ ਦਾ ਵਾਸਤਾ ਈ¸ ਮੈਂ ਤਾਂ ਉਂਜ ਈ ਪੁੱਛ ਰਿਹਾ ਸਾਂ।” ਮਾਜਿਦ ਘਬਰਾ ਗਿਆ।
“ਪਰ ਉਂਜ ਵੀ ਕਿਉਂ ਪੁੱਛ ਰਹੇ ਸੌ? ਤੁਸੀਂ ਸਮਝਦੇ ਓ ਮੈਂ ਬਹਾਨੇਬਾਜ਼ ਜਾਂ ਕਮੀਨੀ ਆਂ!” ਉਸਨੇ ਰੋਣਾ ਸ਼ੁਰੂ ਕਰ ਦਿੱਤਾ।
ਆਬਿਦਾ...ਹੌਲੀ ਬੋਲ...ਪਲੀਜ਼, ਪਲੀਜ਼,” ਉਸਨੇ, ਉਸਨੂੰ ਬੱਚਿਆਂ ਵਾਂਗ ਬਾਹਾਂ ਵਿਚ ਘੁੱਟ ਕੇ ਪਿਆਰਨਾ-ਪੁਚਕਾਰਨਾ ਸ਼ੁਰੂ ਕਰ ਦਿੱਤਾ, “ਮੇਰੀ ਜਾਨ, ਆਈ ਐਮ ਸਾਰੀ...ਮੈਥੋਂ ਗ਼ਲਤੀ ਹੋ ਗਈ। ਤੇਰੀਆਂ ਭਾਵਨਾਵਾਂ ਅਤਿ...” ਉਸ ਦੀਆਂ ਬਾਹਾਂ ਵਿਚ ਉਹ ਕਮਾਨ ਵਾਂਗ ਆਕੜ ਗਈ।
“ਪਰ...” ਉਸਨੇ ਆਪਣੇ ਆਪ ਨੂੰ ਢਿੱਲਾ ਛੱਡ ਦਿੱਤਾ।
“ਸ਼ੀ...ਬਸ ਮੈਂ ਕਿਹਾ ਨਾ, ਮੈਨੂੰ ਭੁਲੇਖਾ ਲੱਗਿਆ ਏ।” ਮਾਜਿਦ ਨੇ ਉਸਨੂੰ ਆਪਣੀ ਬੁੱਕਲ ਵਿਚ ਭਰ ਲੈਣ ਦੀ ਕੋਸ਼ਿਸ਼ ਕੀਤੀ...ਪਰ ਇੰਜ ਲੱਗਦਾ ਸੀ ਜਿਵੇਂ ਉਹ ਪ੍ਰੇਮ ਕਰਨਾ ਹੀ ਭੁੱਲਦੇ ਜਾ ਰਹੀ ਨੇ! ਉਹ ਜੋ ਹਮੇਸ਼ਾ ਝੱਟ, ਫਿੱਟ ਹੋ ਜਾਂਦੇ ਹੁੰਦੇ ਸਨ¸ਅੱਜ ਉਹ ਗੱਲ ਨਾ ਬਣ ਸਕੀ...ਜਾਪਦਾ ਸੀ ਕੁਹਣੀਆਂ ਹੀ ਕੁਹਣੀਆਂ ਨਿਕਲ ਆਈਆਂ ਨੇ। ਜਾਂ ਫੇਰ ਕਿਸੇ ਬੁਝਾਰਤ ਦੀਆਂ ਕੁਝ ਮਹਤੱਵਪੂਰਨ ਕੜੀਆਂ ਗੁੰਮ ਨੇ। ਉਸਨੇ ਹੋਠਾਂ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਕੋਈ ਕਲ਼ ਟੇਢੀ ਹੀ ਮਹਿਸੂਸ ਹੋਈ। ਲੱਤਾਂ ਬੇਜਾਨ ਜਿਹੀਆਂ ਪਈਆਂ ਸਨ, ਪੱਟ ਨੂੰ ਅਜਿਹੀ ਕੁੜੱਲ ਪਈ ਕਿ ਆਬਿਦਾ ਦੀ ਗਰਦਨ ਇਕ ਪਾਸੇ ਵੱਲ ਨੂੰ ਟੇਢੀ ਹੋ ਗਈ। ਕੱਚੇ ਜਿਹੇ ਹੋ ਕੇ ਦੋਏ ਵੱਖ ਹੋ ਗਏ ਤੇ ਆਪੋ-ਆਪਣੀਆਂ ਨਸਾਂ-ਪੱਠਿਆਂ ਨੂੰ ਮਲਣ-ਪਲੋਸਣ ਲੱਗੇ। ਆਬਿਦਾ ਕੁਝ ਚਿਰ ਸੁਸਤ ਜਿਹੀ ਬੈਠੀ ਹੱਥਾਂ ਦੀਆਂ ਉਂਗਲਾਂ ਦੇ ਪਟਾਕੇ ਕੱਢਦੀ ਰਹੀ। ਮਾਜਿਦ ਨੇ ਸਿਗਰਟ ਦਾ ਏਡਾ ਲੰਮਾਂ ਸੂਟਾ ਖਿੱਚਿਆ ਕਿ ਧੂੰਏਂ ਨਾਲ ਛਾਤੀ ਪਾਟਣ ਵਾਲੀ ਹੋ ਗਈ।
ਦੋਏ ਆਪੋ ਆਪਣੀ ਥਾਂ, ਛੱਤ ਵੱਲ ਤੱਕਦੇ ਹੋਏ ਹਨੇਰੇ ਵਿਚ ਲੇਟੇ ਰਹੇ।
“ਮੈਂ ਸੁਪਨੇ ਦੇਖਣੇ ਛੱਡ ਦਿੱਤੇ ਨੇ।” ਤੇ ਉਹ ਪਾਸਾ ਪਰਤ ਕੇ ਪਈ, ਖ਼ਾਲੀ ਕੰਧ ਨੂੰ ਤੱਕਦੀ ਰਹੀ।

ਮਾਜਿਦ ਨੇ ਇਹ ਸੋਚ ਕੇ ਕਿ ਜਦੋਂ ਸਾਰੇ ਮਹਿਮਾਨ ਚਲੇ ਗਏ ਤੇ ਘਰ ਸੁੰਨ-ਮਸਾਨ ਹੋ ਜਾਏਗਾ, ਤਾਂ ਆਬਿਦਾ ਕਿਤੇ ਪਾਗਲ ਹੀ ਨਾ ਹੋ ਜਾਏ¸ ਉਸਦੇ ਜਾਣ ਦੀ ਤਿਆਰੀ ਵਿਚ ਰੋਕ-ਟੋਕ ਨਹੀਂ ਕੀਤੀ। ਉੱਥੇ ਭਰੇ-ਪੂਰੇ ਪਰਿਵਾਰ ਵਿਚ ਰਹਿ ਕੇ ਉਹ ਆਪੇ ਹੌਲੀ-ਹੌਲੀ ਨਾਰਮਲ ਹੋ ਜਾਏਗੀ। ਮਨ ਵੀ ਸੰਭਲ ਜਾਏਗਾ। ਗਰਮੀਆਂ ਵਿਚ ਅੰਮੀ ਜਾਨ ਨੈਨੀਤਾਲ ਜਾ ਰਹੇ ਨੇ¸ ਉੱਥੋਂ ਦੇ ਮਾਹੌਲ ਵਿਚ ਉਸਦਾ ਗ਼ਮ ਅਤੇ ਗੁੱਸਾ ਵੀ ਕਾਫ਼ੂਰ ਹੋ ਜਾਏਗਾ।
'ਦੁਨੀਆਂ ਦੇ ਸਾਰੇ ਬੱਚੇ, ਆਪਣੇ ਬੱਚੇ ਈ ਨੇ।' ਉਸਨੂੰ ਬੇਔਲਾਦ ਹੋਣ ਦਾ ਜ਼ਰਾ ਵੀ ਦੁੱਖ ਨਹੀਂ ਸੀ।
ਖਾਨਦਾਨ ਵਿਚ ਉੱਪਰੋਂ ਹੇਠਾਂ ਤੀਕ ਬੱਚੇ ਹੀ ਬੱਚੇ, ਸੁਰਲ-ਸੁਰਲ ਕਰਦੇ ਫਿਰਦੇ ਸਨ। ਪਰ ਬਾਂਝ ਨਾਲ ਸਾਰੇ ਈਰਖਾ ਕਰਦੇ ਸਨ। ਜਿੰਨਾਂ ਆਨੰਦਮਈ ਜੀਵਨ ਇਹਨਾਂ ਦੋਹਾਂ ਦਾ ਬੀਤਿਆ ਸੀ, ਜੇ ਬੱਚੇ ਹੋ ਗਏ ਹੁੰਦੇ ਤਾਂ ਨਹੀਂ ਸੀ ਬੀਤਣਾ। ਤਦੇ ਤਾਂ ਖਾਨਦਾਨ ਵਾਲੇ ਮਾਜਿਦ ਨੂੰ ਜੋਰੂ ਦਾ ਗ਼ੁਲਾਮ ਸਮਝਦੇ ਸਨ। ਭੇਦ ਖੋਲ੍ਹਣ ਵਾਲੇ ਇਹ ਦੋਏ ਹੀ ਤਾਂ ਸਨ...ਜਾਂ ਫੇਰ ਮਾਜਿਦ ਦੇ ਦੋਸਤ, ਜਿਹੜੇ ਉਹਨਾਂ ਨਾਲੋਂ ਵੀ ਵਧੇਰੇ ਸਾਵਧਾਨ ਸਨ। ਏਨੀਆਂ ਮਾਨਸਿਕ ਉਲਝਣਾ ਤੇ ਦੂਰੀਆਂ ਦੇ ਬਾਵਜੂਦ ਦੋਹਾਂ ਦਾ ਭਰਮ ਬਣਿਆ ਹੋਇਆ ਸੀ¸ ਤੇ ਦੋਏ ਆਦਰਸ਼ ਪ੍ਰੇਮੀ-ਪ੍ਰੇਮਿਕਾ ਸਮਝੇ ਜਾਂਦੇ ਸਨ।
ਆਬਿਦਾ ਦੇ ਖ਼ਤਾਂ ਤੋਂ ਮਾਜਿਦ ਨੂੰ ਯਕੀਨ ਹੋ ਗਿਆ, ਕਿ ਉਹ ਉੱਥੇ ਖੁਸ਼ ਹੈ। ਆਏ ਦਿਨ ਦਾਵਤਾਂ, ਮੰਗਨੀਆਂ, ਸ਼ਾਦੀਆਂ, ਛਠੀ, ਢਿੱਡੇ (ਗੋਦਭਰਾਈ), ਸਿਨੇਮਾ ਤੇ ਪਿਕਨਿਕ...
ਅੰਮੀ ਜਾਨ ਨੂੰ ਪਤਾ ਵੀ ਨਹੀਂ ਕਿ ਉਹਨਾਂ ਦੀ ਮੁਰਾਦ ਪੂਰੀ ਹੋ ਚੁੱਕੀ ਹੈ। ਕਿਸੇ ਨਜੂਮੀਂ (ਜੋਤਸ਼ੀ) ਨੇ ਦੱਸਿਆ ਸੀ ਕਿ ਤੁਹਾਡੇ ਨਸੀਬ ਵਿਚ ਔਲਾਦ ਨਹੀਂ...ਬੜਾ ਰੋਏ। ਕਿੰਨਾਂ ਖ਼ੂਨ ਸੜਿਆ ਸੀ ਮੇਰਾ! ਜੀ ਕੀਤਾ ਸੀ, ਕੰਮਬਖ਼ਤ ਜੋਤਸ਼ੀ ਦਾ ਮੂੰਹ ਵਲੂੰਧਰ ਸੁੱਟਾਂ। ਠੱਗ ਕਿਤੋਂ ਦਾ! ਪਰ ਦੇਖੋ ਕਿੱਡਾ ਜੁਲਮ ਏਂ, ਉਹਨਾਂ ਨੂੰ ਅਜੇ ਤੱਕ ਖੁਸ਼ਖਬਰੀ ਦਾ ਪਤਾ ਹੀ ਨਹੀਂ!'
ਪਰ ਫੇਰ ਉਹ ਹਾਸੇ-ਮਜ਼ਾਕ ਤੇ ਚਟਪਟੀ ਜ਼ਿੰਦਗੀ ਦਾ ਛੇੜਾ-ਛੇੜ ਬਹਿੰਦੀ, 'ਮੇਰੀ ਜਾਨ, ਮੈਂ ਭਾਂਡਿਆਂ ਵਾਲੇ ਸੰਦੂਕ ਨੂੰ ਜਿੰਦਰਾ ਲਾਉਣਾ ਭੁੱਲ ਗਈ ਸਾਂ। ਉਂਜ ਜਿੰਦਰਾ ਲਾਉਣਾ ਵੀ ਮੂਰਖਤਾ ਹੈ, ਟੁੱਟ-ਭੱਜ ਜਾਣ ਦਿਓ ਨਾਮੁਰਾਦਾਂ ਨੂੰ¸ ਹੋਰ ਆ ਜਾਣਗੇ। ਪਰ ਮਨੀਆਡਰ ਭੇਜਣਾ ਨਾ ਭੁੱਲਨਾ।'
'ਆਬਿਦਾ...! ਮੇਰੀ ਪਿਆਰੀਏ। ਮੇਰੀ ਜਾਨ ਆਬਿਦਾ; ਜਿਸਮ ਨਾਲ ਰੂਹ ਲੈ ਕੇ...ਵਾਪਸ ਕਦ ਆ ਰਹੀ ਹੈਂ? ਹੁਣ ਇਕੱਲਿਆਂ ਇਹ ਕਾਲ ਕੋਠੜੀ ਝੱਲੀ ਨਹੀਂ ਜਾਂਦੀ। ਰਾਤੀਂ ਤੈਨੂੰ ਸੁਪਨੇ ਵਿਚ ਦੇਖਿਆ। ਤੇਰੇ  ਹੱਥ ਵਿਚ ਉਹੀ ਖੀਰ ਵਾਲਾ ਪਿਆਲਾ ਸੀ। ਜਿਸ ਉੱਪਰ ਸ਼ਬਾਨਾ ਨੇ ਪਿਸਤੇ ਦੀ ਕੁਤਰਨ ਨਾਲ 'ਮਾਜਿਦ-ਆਬਿਦਾ' ਲਿਖ ਦਿੱਤਾ ਸੀ, ਤੇ ਤੂੰ ਨਾਰਾਜ਼ ਹੋ ਗਈ ਸੈਂ। ਮੈਂ ਹੱਸ ਰਿਹਾ ਸਾਂ। ਜਦੋਂ ਅੱਖ ਖੁੱਲ੍ਹੀ ਤਾਂ ਯਕੀਨ ਮੰਨੀ, ਮੇਰਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ। ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾਂ...ਹੁਣ ਆ ਵੀ ਜਾਅ...।'
ਤੁਹਾਡਾ ਖ਼ਤ ਪੜ੍ਹ  ਕੇ ਬੜਾ ਹਾਸਾ ਆਇਆ। ਏਨੀਆਂ ਰੁਮਾਂਟਿਕ ਗੱਲਾਂ ਬੋਰ, ਲੱਗਦੀਆਂ ਨੇ। ਇੰਜ ਲੱਗਦਾ ਏ, ਜਿਵੇਂ 'ਮਸਨਵੀ-ਜ਼ਹਰੇ-ਇਸ਼ਕ' ਪੜ੍ਹ ਕੇ ਖ਼ਤ ਲਿਖਣ ਬੈਠੇ  ਹੋਵੋ। ਮਹੀਨਾ ਵੀ ਪੂਰਾ ਨਹੀਂ ਹੋਇਆ, ਬੁਲਾਉਣ ਲੱਗ ਪਏ! ਜ਼ਿਆਦਾ ਬਹਾਰ 'ਚ ਨਾ ਆਓ; ਤੇ ਦੇਖੋ, ਜਾਣ ਤੋਂ ਪਹਿਲਾਂ ਭਾਈ ਸਦੀਕੀ ਨੂੰ ਚੈੱਕ ਦੇਣਾ ਨਾ ਭੁੱਲ ਜਾਣਾ¸ ਖਰਚਾ ਨਾ ਪਹੁੰਚਿਆ ਤਾਂ ਮੈਨੂੰ ਚਿੰਤਾ ਰਹੇਗੀ। ਤਿੰਨੀ, ਪੈਰ-ਪੈਰ ਤੁਰਨ ਲੱਗ ਪਈ ਹੈ। ਬਾਜੀ ਜ਼ਿੱਦ ਕਰ ਰਹੀ ਹੈ ਕਿ ਮੈਂ ਉਸਨੂੰ ਆਪਣੀ ਬੇਟੀ ਬਣਾਅ ਲਵਾਂ...ਪੱਕਾ ਕਾਗਜ਼ ਲਿਖ ਦੇਣ ਦਾ ਧਰਵਾਸ ਦਿੰਦੀ ਹੈ। ਮੈਂ ਹੱਸ ਕੇ ਟਾਲ ਦੇਂਦੀ ਹਾਂ¸ ਸਾਰੇ ਬੱਚੇ ਮੇਰੇ ਈ ਨੇ। ਬੱਚੇ ਵੀ ਕੋਈ ਲੈਣ-ਦੇਣ ਵਾਲੀ ਚੀਜ਼ ਹੁੰਦੇ ਨੇ! ਇਸ ਵਿਹਾਰ ਬਾਰੇ ਸੋਚਦੀ ਹਾਂ ਤਾਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਨੇ। ਸ਼ਬਾਨਾ ਤੇ ਮੰਜ਼ੂਰ ਵੀ ਆ ਰਹੇ ਨੇ। ਕਿਹਾ ਜਾ ਰਿਹਾ ਏ, ਮੈਂ ਹੀ ਉਸਨੂੰ ਸੰਭਾਲਾਂ¸ ਜਾਪੇ ਕਟਾਉਣ ਦਾ ਚੋਖਾ ਤਜ਼ੁਰਬਾ ਜੋ ਹੋ ਗਿਐ ਮੇਰਾ। ਸਵੈਟਰ ਬੁਣ ਰਹੀ ਹਾਂ। ਬਾਕੀ ਕੱਪੜੇ ਤਿਆਰ ਕਰ ਲਏ ਨੇ। ਕੁਝ ਬਾਜੀ ਦੇ ਦਏਗੀ। ਕਹਿੰਦੀ ਹੈ, ਕੁੜੀ ਹੋਈ ਤਾਂ ਸਬਿਹਾ ਨਾਂ ਰੱਖੇਗੀ ਤੇ ਉਸਨੂੰ ਮੇਰੇ ਕੋਲ ਹੀ ਛੱਡ ਕੇ ਵਲਾਇਤ ਚਲੀ ਜਾਏਗੀ¸ ਜਾਪਦਾ ਹੈ, ਅੱਲਾ ਮੀਆਂ ਨਾਲੋਂ ਤਾਂ ਉਸਦੇ ਬੰਦੇ ਹੀ ਉਦਾਰ ਨੇ।'
ਡੰਗ, ਡੰਗ, ਡੰਗ¸ਮਾਜਿਦ ਜ਼ਹਿਰ ਦੇ ਬੋਝ ਹੇਠ ਦਬ ਕੇ ਰਹਿ ਗਿਆ ਸੀ। ਟੂਰ 'ਤੇ ਜਾਣ ਲਈ ਸਾਮਾਨ ਬੰਨ੍ਹਿਆਂ ਸੀ, ਪਰ ਦਿਲ ਕਹਿ ਰਿਹਾ ਸੀ¸ ਸਿੱਧਾ ਆਬਿਦਾ ਕੋਲ ਪਹੁੰਚ ਜਾਏ 'ਤੇ  ਉਸਦੇ ਮੂੰਹ 'ਤੇ ਇਕ ਥੱਪੜ ਮਾਰ ਕੇ ਕਹੇ¸ ਤੂੰ ਮੇਰੀ ਬੀਵੀ ਏਂ, ਮੇਰੀ ਜ਼ਿੰਦਗੀ ਦੀ ਉਮੰਗ ਏਂ। ਤੇਰੇ ਉੱਪਰ ਮੇਰਾ ਅਧਿਕਾਰ ਹੈ। ਤਰਸਾਅ ਨਾ, ਹੁਣ ਮੇਰੀਆਂ ਬਾਹਾਂ ਵਿਚ ਆ ਜਾ¸ ਆ ਜਾ।

No comments:

Post a Comment