Tuesday 13 July 2010

ਪੰਜਵੀਂ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ



ਅਨੁਵਾਦ : ਮਹਿੰਦਰ ਬੇਦੀ ਜੈਤੋ


ਤੇ ਉਹ ਆ ਗਈ।
ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ, ਉਹ ਹੇਠਲੀ ਪੌੜੀ ਉੱਪਰ ਖੜ੍ਹੀ ਮੁਸਕਰਾ ਰਹੀ ਸੀ। ਸ਼ਾਮ ਦੇ ਰਹੱਸਮਈ ਧੂੰਏਂ ਵਿਚਕਾਰ ਉਸਦੀ ਕਪਾਹ-ਰੰਗੀ ਫਰਾਂਸੀਸੀ ਜਾਰਜੈਟ ਦੀ ਸਾੜ੍ਹੀ ਉੱਪਰ ਕਾਮਦਾਨੀ ਦੀ ਕੁਆਰ ਝਿਲਮਿਲਾ ਰਹੀ ਸੀ। ਉਹ ਉਸ ਨਾਲ ਰਗੜ ਖਾਂਦੀ ਹੋਈ ਅੰਦਰ ਆਣ ਵੜੀ। ਬੜੀ ਬੇਪ੍ਰਵਾਹੀ ਨਾਲ ਬਟੂਆ ਕੁਰਸੀ ਉੱਤੇ ਸੁੱਟਿਆ ਤੇ ਸੈਂਡਲ ਲਾਹ ਕੇ ਆਪਣੀ ਵਿਸ਼ੇਸ ਕੁਰਸੀ ਉੱਪਰ ਪੂਰੇ ਠਾਠ ਨਾਲ ਬੈਠ ਗਈ। ਜਿਵੇਂ ਰੋਜ਼ ਉੱਥੇ ਹੀ ਬੈਠਦੀ ਹੋਵੇ ਤੇ ਕਦੀ ਕਿਧਰੇ ਗਈ ਹੀ ਨਾ ਹੋਵੇ। ਉਸਦਾ ਸਰੀਰ ਕੁਝ ਭਰ ਗਿਆ ਸੀ; ਰੰਗ  ਨਿੱਖਰ ਆਇਆ ਸੀ ਤੇ ਮਮਤਾ ਨੇ ਚਿਹਰੇ ਉਪਰਲੀ ਝੁੰਜਲਾਹਟ ਮਿਟਾਅ ਦਿੱਤੀ ਸੀ।
“ਕਿਉਂ ਆਈ ਏਂ?”
“ਕੇਹਾ ਭੱਦਾ ਸਵਾਲ ਏ! ਦਿਲ ਕੀਤਾ ਆ ਗਈ।” ਉਹ ਲਾਪ੍ਰਵਾਹੀ ਨਾਲ ਪੈਰ ਹਿਲਾਉਣ ਲੱਗ ਪਈ।
“ਦੇਖ¸ ਤੂੰ¸ ਤੂੰ!”
“ਓ-ਹੋ¸ ਤੁਸੀਂ ਤਾਂ ਕੁਆਰੀਆਂ ਵਾਂਗਰ ਹਕਲਾਉਣ ਲੱਗ ਪਏ ਓ!”
“ਪਲੀਜ਼ ਗੋ-ਅਵੇ। ਕਿਰਪਾ ਕਰ, ਤੇ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ।” ਮਾਜਿਦ ਨੇ ਕਾਹਲ ਨਾਲ ਕੁਰਸੀ ਤੋਂ ਉਸਦਾ ਬਟੂਆ ਚੁੱਕਿਆ ਤੇ ਉਸਦੇ ਹੱਥ ਵਿਚ ਫੜਾ ਦਿੱਤਾ।
“ਥੈਂਕਸ,” ਉਸਨੇ ਸੈਂਡਲ ਕਾਲੀਨ ਉੱਪਰ ਉਛਾਲ ਕੇ ਚੌਂਕੜੀ ਮਾਰ ਲਈ ਤੇ ਬਟੂਆ ਖੋਲ੍ਹ ਕੇ ਸ਼ੀਸ਼ੇ ਵਿਚ ਆਪਣੇ ਬੁੱਲ੍ਹ ਸਿਕੋੜ-ਸਿਕੋੜ ਦੇਖਣ ਲੱਗ ਪਈ।
“ਦੇਖ ਮੋਨਾ, ਤੂੰ ਜੱਗ ਹਸਾਈ ਕਰਵਾਉਣਾ ਚਾਹੁੰਦੀ ਏਂ ਤਾਂ ਵੱਖਰੀ ਗੱਲ ਏ, ਮੈਂ ਤੈਨੂੰ ਧੋਖਾ ਨਹੀਂ ਦਿੱਤਾ।” ਮਾਜਿਦ ਦਾ ਗਲ਼ਾ ਸੁੱਕ ਗਿਆ ਸੀ।
“ਮੈਂ ਕਦ ਕਿਹੈ, ਤੁਸੀਂ ਮੈਨੂੰ ਧੋਖਾ ਦਿੱਤਾ ਏ!” ਉਸਨੇ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕਿਆ ਹੋਇਆ ਸੀ।
“ਸਾਡੀ ਦੋਸਤੀ...!”
“ਦੋਸਤੀ...?” ਉਹ ਅੱਖਾਂ ਝਪਕਾ ਕੇ ਮੁਸਕਰਾਈ।
“ਉਹ-ਉਹ ਜੋ ਵੀ ਹੈ, ਨਹੀਂ¸ ਸੀ।” ਉਸਨੇ ਕਾਹਲ ਨਾਲ ਆਪਣੀ ਗ਼ਲਤੀ ਸੁਧਾਰੀ, “ਮੈਂ ਤੇਰੇ ਨਾਲ ਸ਼ਾਦੀ ਦਾ ਕੋਈ ਵਾਅਦਾ ਨਹੀਂ ਸੀ ਕੀਤਾ।”
“ਓਇ-ਬਈ ਫੇਰ ਕੀ ਹੋਇਆ। ਏਸ ਵੇਲੇ ਮੈਂ ਤੁਹਾਡੇ ਨਾਲ ਕੋਈ ਸ਼ਾਦੀ ਕਰਨ ਆਈ ਆਂ?” ਉਹ ਇਕ ਉੱਚਾ ਤੇ ਟੁਣਕਵਾਂ ਹਾਸਾ ਹੱਸੀ, “ਵਾਹ!”
“ਤਾਂ ਫੇਰ¸ ਤੂੰ ਜਾ ਸਕਦੀ ਐਂ।”
“ਜਾ ਤਾਂ ਸਕਦੀ ਆਂ, ਪਰ ਜਾਵਾਂ ਕਿਉਂ?” ਉਹ ਵਿੱਟਰ  ਗਈ, “ਮੈਂ ਤੁਹਾਥੋਂ ਕੁਝ ਖੋਹ ਰਹੀ ਆਂ ਜਾਂ ਕੁਝ ਮੰਗ ਰਹੀ ਹਾਂ? ਪੁੱਛ ਤਾਂ ਲੈਂਦੇ ਕਿ ਆਈ ਕਿਉਂ ਆਈ ਆਂ?” ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
“ਅੱਛਾ ਦੱਸ ਫੇਰ, ਕਿਉਂ ਆਈ ਏਂ?”
“ਦੱਸਦੀ ਆਂ,” ਉਹ ਚਿੜ ਕੇ ਬੋਲੀ, “ਇਉਂ ਹਿਰਖ ਕੇ ਕਿਉਂ ਪੈਂਦੇ ਪਏ ਓ? ਮੈਂ ਤੁਹਾਡੀ ਬੀਵੀ ਨਹੀਂ ਬਈ ਦਬ ਜਾਵਾਂਗੀ...?”
“ਮੇਰੀ ਬੀਵੀ¸ਉਸਦੀ ਗੱਲ ਨਾ ਕਰ¸ ਆਪਣਾ ਮਤਲਬ ਬਿਆਨ ਕਰ।”
“ਇੰਜ ਭੜਕੇ ਕਿਉਂ ਫਿਰਦੇ ਓ! ਬੈਠ ਜਾਓਂ, ਤਾਂ ਕੋਈ ਹਰਜ਼ ਏ?” ਮਾਜਿਦ ਬੈਠ ਗਿਆ। “ਸ਼ਰਨ ਨੂੰ ਜਾਣਦੇ  ਓ?”
“ਨਹੀਂ।”
“ਉਹ ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਏ¸ ਨਹੀਂ-ਨਹੀਂ, ਬਾਈ-ਗਾਡ ਮੈਂ ਕੁਝ ਨਹੀਂ ਦੱਸਿਆ। ਉਸਨੂੰ ਪਹਿਲਾਂ ਹੀ ਸਭ ਕੁਝ ਪਤਾ ਸੀ।” ਮਾਜਿਦਾ ਦਾ ਚਿਹਰਾ ਲਾਲ ਹੋ ਗਿਆ।
“ਅੱਛਾ ਫੇਰ¸?”
“ਫੇਰ ਕੀ? ਸ਼ੋਲਾਪੁਰ ਵਿਚ ਉਸ ਨਾਲ ਮੁਲਾਕਾਤ ਹੋਈ ਸੀ।”
“ਵਿਨੋਦ ਸ਼ਰਨ¸ ਸ਼ਕੁੰਤਲਾ ਦਾ ਹਸਬੈਂਡ?”
“ਹਾਂ-ਉਹੀ।”
“ਉਹ ਤਾਂ ਤੇਰੀ ਸਹੇਲੀ ਏ...?”
“ਤਾਂ ਕੀ ਹੋਇਆ? ਸ਼ਕੁਨ ਮੇਰੀ ਸਹੇਲੀ ਏ। ਇਸੇ ਲਈ ਤਾਂ ਉਹ ਮੇਰਾ ਬੜਾ ਖ਼ਿਆਲ ਰੱਖਦੇ ਨੇ¸” ਉਹ ਸੈਂਡਲ ਪਾ ਕੇ ਖੜੀ ਹੋ ਗਈ, “ਅੱਛਾ ਹੁਣ ਚਲਦੀ ਆਂ।” ਮੁਸਕਰਾ ਕੇ ਬੋਲੀ।
“ਇਹੀ ਦੱਸਣ ਆਈ ਸੈਂ?”
“ਹਾਂ।” ਉਹ ਝੁਕ ਕੇ ਸੈਂਡਲਾਂ ਦੇ ਤਸਮੇ ਬੰਨ੍ਹਣ ਲੱਗ ਪਈ।
“ਇਹ ਕਿ ਉਹ ਤੇਰੀ ਸਹੇਲੀ ਦੇ ਹਸਬੈਂਡ ਨੇ? ਜਾਂ...ਤੇਰਾ ਬੜਾ ਖ਼ਿਆਲ ਰੱਖਦੇ ਨੇ ?” ਮਾਜਿਦ ਦੀ ਆਵਾਜ਼ ਵਿਚ ਕੁਸੈਲ ਘੁਲੀ ਹੋਈ ਸੀ।
“ਹਾਂ, ਇਹੀ ਦੱਸਣ ਆਈ ਸਾਂ।” ਉਹ ਫੇਰ 'ਧੱਮ' ਕਰਕੇ ਬੈਠ ਗਈ।
“ਪਰ ਮੈਨੂੰ ਦੱਸਣ ਦੀ ਕੀ ਲੋੜ ਆ ਪਈ?” ਮਾਜਿਦ ਦਾ ਦਮ ਘੁਟ ਰਿਹਾ ਸੀ।
“ਇਸ ਲਈ ਕਿ ਕਦੀ ਤੁਸੀਂ ਵੀ ਮੇਰਾ ਬੜਾ ਖ਼ਿਆਲ ਰੱਖਦੇ ਹੁੰਦੇ ਸੌ।”
“ਹੁਣ ਵੀ ਖ਼ਿਆਲ ਤਾਂ ਰੱਖਦਾਂ ਤੇਰਾ¸ ਚੈੱਕ ਭੇਜਣ ਹੀ ਵਾਲਾ ਸਾਂ।” ਉਸਨੇ ਦਰਾਜ਼ ਵਿਚੋਂ ਚੈੱਕ ਕੱਢ ਕੇ ਉਸਨੂੰ ਫੜਾ ਦਿੱਤਾ।
“ਓ-ਅ, ਥੈਂਕਸ।” ਉਹ ਤਾਂ ਸਮਝਿਆ ਸੀ ਵਾਪਸ ਮੂੰਹ 'ਤੇ ਮਾਰੇਗੀ ਪਰ ਉਸਨੇ ਬੜੀ ਸ਼ਾਂਤੀ ਨਾਲ ਚੈੱਕ ਬਟੂਏ ਵਿਚ ਪਾ ਲਿਆ ਸੀ। ਮਾਜਿਦ ਨੂੰ ਬੜੀ ਨਿਰਾਸ਼ਾ ਹੋਈ। “ਮੈਂ ਕੀ ਕਹਿ ਰਹੀ ਸਾਂ¸ ਹਾਂ, ਤੁਸੀਂ ਵੀ ਮੇਰਾ ਖ਼ਿਆਲ ਰੱਖਦੇ ਹੋ। ਵੈਸੇ ਤੁਹਾਥੋਂ ਜਿਆਦਾ ਤਾਂ ਉਹ¸ ਤੁਹਾਡੀ ਬੀਵੀ ਮੇਰਾ ਖ਼ਿਆਲ ਰੱਖਦੀ ਏ। ਬਈ ਕਮਾਲ ਦੀ ਔਰਤ ਹੈ!” ਉਸਦੀ ਆਵਾਜ਼ ਅਚਾਨਕ ਉੱਚੀ ਹੋ ਗਈ ਸੀ, “ਏਨੇ ਸਬਰ ਵਾਲੀ ਔਰਤ ਕਿ ਮੇਰਾ ਤਾਂ ਦਮ ਘੁਟਣ ਲੱਗ ਪੈਂਦਾ ਸੀ। ਗੁੱਸਾ ਜਾਂ ਨਫ਼ਰਤ ਤਾਂ ਕੋਈ ਝੱਲ ਸਕਦੈ, ਪਰ ਉਫ਼! ਉਸਦੀ ਮੁਸਕਰਾਹਟ¸ ਉਸ ਤੋਂ ਭੈ ਆਉਂਦਾ ਸੀ। ਬੁਰਾ ਭਲਾ ਕਹਿ ਲਏ ਤਾਂ ਚਲੋ ਛੁੱਟੀ ਹੋਈ, ਪਰ  ਉਹ ਤਾਂ ਇੰਜ ਮੁਸਕਰਾਂਦੀ ਏ ਕਿ ਇਨਸਾਨ ਖ਼ੁਦ ਆਪਣੇ ਆਪ ਨੂੰ ਬੜਾ ਹੀ ਹੀਣ ਤੇ ਨੀਚ ਮਹਿਸੂਸ ਕਰਨ ਲੱਗ ਪੈਂਦਾ ਹੈ।”
“ਤੂੰ ਜਾ ਰਹੀ ਸੈਂ, ਮੈਂ ਵੀ ਸਵੇਰੇ ਜਲਦੀ ਉੱਠਣਾ ਏਂ।” ਮਾਜਿਦ ਨੇ ਰੁੱਖੇਵੇਂ ਜਿਹੇ ਨਾਲ ਕਿਹਾ ਕਿਉਂਕਿ ਉਸਨੂੰ ਮੋਨਾ ਦੀਆਂ ਗੱਲਾਂ ਤੋਂ ਭੈ ਆਉਣ ਲੱਗ ਪਿਆ ਸੀ। ਉਹ ਖ਼ੁਦ ਆਪਣੇ ਆਪ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਸੀ ਕਰਨਾ ਚਾਹੁੰਦਾ।
“ਤਾਂ ਤੁਹਾਡੀ ਕੀ ਰਾਏ ਐ?...ਸ਼ਰਨ ਖਰਾ ਆਦਮੀ ਨਹੀਂ?”
“ਮੈਨੂੰ ਨਹੀਂ ਪਤਾ।” ਮਾਜਿਦ ਨੇ ਬੜੀ ਕੁੜਿੱਤਣ ਨਾਲ ਕਿਹਾ।
“ਉਹ ਹੋਏਗਾ ਕਮੀਨਾ, ਮੇਰਾ ਕੀ ਵਿਗਾੜ ਲਏਗਾ। ਕਹਿੰਦਾ ਏ, ਓਥੇ ਗੰਦਗੀ 'ਚ ਨਾ ਰਹਿ¸ ਪੈਡਰ ਰੋਡ 'ਤੇ ਇਕ ਫ਼ਲੈਟ ਹੈ ਉਸਦਾ...ਇਕ ਸ਼ਾਂਤਾ ਕਰੂਜ ਵਿਚ ਹੈ। ਮੈਨੂੰ ਸ਼ਾਂਤਾ ਕਰੂਜ ਵਾਲਾ ਚੰਗਾ ਲੱਗਿਆ। ਵੱਖਰੇ ਦਾ ਵੱਖਰਾ, ਕਿਉਂ?”
“ਮੈਂ ਕੁਛ ਨਹੀਂ ਜਾਣਦਾ।” ਮਾਜਿਦ ਨੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕਰ ਲਿਆ।
“ਓਇ-ਹੋਇ, ਕਿੰਨੇ ਭੋਲੇ ਬਣਦੇ ਓ! ਮੈਂ ਜਾਣਦੀ ਆਂ, ਤੁਸੀਂ ਜਾਣ ਬੁੱਝ ਕੇ ਕੋਈ ਰਾਏ ਨਹੀਂ ਦੇਣੀ ਚਾਹੁੰਦੇ। ਮੈਂ ਜੋ ਕੁਝ ਕਰ ਰਹੀ ਆਂ, ਕੈਥੀ ਵਾਸਤੇ ਕਰ ਰਹੀ ਆਂ।”
“ਉਸਦਾ ਖਰਚਾ ਤੈਨੂੰ ਮਿਲ ਰਿਹੈ।”
“ਤੇ ਮੇਰਾ ਕੋਈ ਖਰਚਾ ਨਹੀਂ? ਮੈਂ ਹਵਾ 'ਤੇ ਜਿਊਂਦੀ ਆਂ? ਕੀ ਤੁਹਾਡੇ ਤਿੰਨ ਸੌ ਰੁਪਏ ਵਿਚ ਮਾਂ-ਧੀ ਤੇ ਇਕ ਨੌਕਰ ਦਾ ਗੁਜਾਰਾ ਇਸ ਬੰਬਈ ਵਿਚ ਹੋ ਸਕਦੈ? ਚਲੋ ਤੁਸੀਂ ਪੰਜ ਸੌ ਵੀ ਕਰ ਦਿਓਂ, ਤਾਂ ਵੀ?”
“ਪਰ ਸ਼ਕੁੰਤਲਾ ਤੇਰੀ ਦੋਸਤ ਹੈ।”
“ਦੋਸਤ ਤਾਂ ਹੈ, ਤੇ ਵਿਚਾਰੀ ਨੇ ਬੁਰੇ ਵਕਤਾਂ ਵਿਚ ਮੇਰੀ ਮਦਦ ਵੀ ਕੀਤਾ ਏ।...ਪਰ ਜ਼ਰਾ ਸੋਚੋ, ਉਹ ਕੋਈ ਹੋਰ ਰੱਖ ਲਏਗਾ।” ਉਹ ਸ਼ਰਾਰਤ ਵੱਸ ਹੱਸੀ, “ਫੇਰ ਮੈਂ ਖਾਹਮ-ਖਾਹ ਕੁਰਬਾਨੀ ਵੀ ਦਿਆਂ ਤੇ ਕੋਈ ਮੁੱਲ ਵੀ ਨਾ ਪਵੇ, ਕਿਉਂ?”
“ਮੈਂ ਕੋਈ ਰਾਏ ਨਹੀਂ ਦੇ ਸਕਦਾ।”
“ਪਹਿਲਾਂ ਤਾਂ ਤੁਸੀਂ ਏਨੇ 'ਪੁਅਰ' ਨਹੀਂ ਹੁੰਦੇ ਸੌ। ਸੱਚ ਪੁੱਛਾਂ, ਕੀ ਮੇਰੀ ਯਾਦ ਜ਼ਰਾ ਨਹੀਂ ਆਉਂਦੀ?”
“ਮੇਰਾ ਤੇਰਾ ਵਕਤੀ ਤੇ ਸਿਰਫ਼ ਜਿਸਮਾਨੀ ਰਿਸ਼ਤਾ ਸੀ।”
“ਔਰਤ-ਮਰਦ ਵਿਚਕਾਰ ਕੋਈ ਹੋਰ ਰਿਸ਼ਤਾ ਵੀ ਹੁੰਦਾ ਏ...?”
“ਹਾਂ, ਵਿਚਾਰਾਂ ਦੀ ਇਕਸੁਰਤਾ ਹੁੰਦੀ ਏ¸ ਇਕ ਕਿਸਮ ਦੀ, ਇਕ ਦਿਮਾਗ਼ੀ ਕਨਸੈਂਟ ਹੁੰਦੀ ਏ।”
“ਤੇ ਮੇਰੇ ਵਿਚਾਰੀ ਕੋਲ ਤਾਂ ਦਿਮਾਗ਼ ਹੀ ਨਹੀਂ ਸੀ। ਬੱਸ ਇਹ ਮਿੱਟੀ ਦਾ ਜਿਸਮ ਸੀ...” ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਉਸ ਵੱਲ ਦੇਖਣ ਲੱਗੀ, “ਤੇ ਜਿਸਮ ਵਿਚ ਸੋਚਣ-ਵਿਚਾਰਨ ਜਾਂ ਯਾਦ ਰੱਖਣ ਦੀ ਤਾਕਤ ਹੀ ਨਹੀਂ ਹੁੰਦੀ¸ ਤੁਹਾਡਾ ਜਿਸਮ ਵੀ ਯਾਦ ਨਹੀਂ ਕਰਦਾ?” ਉਹ ਉਸ ਵੱਲ ਵਧਦੀ ਆ ਰਹੀ ਸੀ। ਮਾਜਿਦ ਉਸਦੀ ਪਹੁੰਚ ਤੋਂ ਦੂਰ ਰਹਿਣ ਲਈ ਪਰ੍ਹੇ ਜਾ ਕੇ ਦਰਾਜ ਵਿਚੋਂ ਮਾਚਸ ਲੱਭਣ ਲੱਗ ਪਿਆ।
“ਮੇਰਾ ਜਿਸਮ ਤਾਂ ਨਹੀਂ ਭੁੱਲਦਾ¸ ਜਦੋਂ ਕੈਥੀ ਨੂੰ ਦੇਖਦੀ ਆਂ ਯਾਦ ਆ ਜਾਂਦੀ ਏ।” ਉਹ ਗੱਲਾਂ ਕਰਦੀ-ਕਰਦੀ ਦਰਵਾਜ਼ੇ ਵੱਲ ਵਧਣ ਲੱਗੀ। ਮਾਜਿਦ ਨੇ ਛਿੜੀ ਹੋਈ ਕੰਬਨੀ ਨੂੰ ਛਿਪਾਉਣ ਖਾਤਰ ਸਿਗਰਟ ਸੁਲਗਾ ਲਈ।
“ਪਤਾ ਨਹੀਂ ਕਿਉਂ ਤੁਸੀਂ ਹੋਰਾਂ ਵਰਗੇ ਨਹੀਂ ਲੱਗਦੇ! ਤੁਹਾਡੇ ਨਾਲ ਇੰਜ ਲੱਗਦਾ ਹੈ ਜਿਵੇਂ ਮੈਂ ਕੋਈ ਗੁਨਾਹ ਨਹੀਂ ਕੀਤਾ¸ ਸਾਡਾ ਰਿਸ਼ਤਾ ਪਵਿੱਤਰ ਹੈ। ਤੁਸੀਂ ਮੈਨੂੰ ਅਨਮੋਲ ਸ਼ੈ ਦਿੱਤੀ ਏ, ਜਿਹੜੀ ਹੋਰ ਕਿਤੋਂ ਨਹੀਂ ਮਿਲੀ। ਮੁਕੱਦਸ (ਪਵਿੱਤਰ) ਮਾਂ ਮੇਰੇ ਗੁਨਾਹ ਮੁਆਫ਼ ਕਰੇ, ਮੈਂ ਘੰਟਿਆਂ ਬੱਧੀ ਉਸ ਦੇ ਸਾਹਮਣੇ ਗੋਡੇ ਟੇਕ ਕੇ ਗਿੜਗਿੜਾਉਂਦੀ ਰਹਿੰਦੀ ਆਂ।...'ਮਾਂ ਮੈਨੂੰ ਸਕੂਨ (ਸ਼ਾਂਤੀ) ਦੇਅ...ਗੁਨਾਹ ਨੂੰ ਇਬਾਦਾਤ ਦਾ ਰੁਤਬਾ ਨਾ ਹਾਸਲ ਕਰਨ ਦੇ।' ਮਾਜਿਦ।” ਅਚਾਨਕ ਉਹ ਉਸਦੀ ਪਿੱਠ ਨਾਲ ਮੂੰਹ ਜੋੜ ਕੇ ਸਿਸਕਨ ਲੱਗ ਪਈ। ਉਸਨੇ ਦੋਏ ਹੱਥਾਂ ਨਾਲ ਉਸਦੇ ਲੱਕ ਨੂੰ ਜਕੜ ਲਿਆ ਸੀ।
ਮਾਜਿਦ ਦੇ ਮੱਥੇ ਉੱਪਰ ਪਸੀਨਾ ਆ ਗਿਆ। ਉਸਨੇ ਬਲਦਾ ਹੋਇਆ ਸਿਗਰਟ ਮੁੱਠੀ ਵਿਚ ਘੁੱਟ ਲਿਆ ਤੇ ਅੱਖਾਂ ਮੀਚ ਲਈਆਂ। ਫੇਰ ਇਕੋ ਝਟਕੇ ਨਾਲ, ਆਪਣੇ ਲੱਕ ਦੁਆਲੇ ਵਲੀਆਂ ਹੋਈਆਂ, ਮੋਨਾ ਦੀਆਂ ਬਾਹਾਂ ਨੂੰ ਵੱਖ ਕਰ ਦਿੱਤਾ ਤੇ ਧਰੀਕ ਕੇ ਉਸਨੂੰ ਦਰਵਾਜ਼ੇ ਤੱਕ ਲੈ ਗਿਆ।
ਮੋਨਾ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ। ਜੂੜਾ ਖੁੱਲ੍ਹ ਕੇ ਇਕ ਪਾਸੇ ਝੂਲ ਗਿਆ ਸੀ।
“ਆਈ ਐਮ ਸਾਰੀ।” ਉਸਨੇ ਹਥੇਲੀ ਨਾਲ ਨੱਕ ਤੇ ਅੱਖਾਂ ਪੂੰਝਦਿਆਂ ਬੜੀ ਆਕੜ ਨਾਲ ਕਿਹਾ। ਫੇਰ ਰੁਮਾਲ ਕੱਢ ਕੇ ਚਿਹਰਾ ਸਾਫ ਕਰਨ ਲੱਗ ਪਈ। “ਕਦੀ ਕੈਥੀ ਦੀ ਮੁਸਕਰਾਹਟ ਵਿਚ ਤੁਸੀਂ ਯਾਦ ਆ ਜਾਂਦੇ ਓ ਤਾਂ ਜੀਅ ਕਰਦਾ ਏ ਉਸਦਾ ਗਲ਼ਾ ਘੁੱਟ ਦਿਆਂ।” ਮਾਜਿਦ ਦੀ ਹਾਲਤ ਦੇਖ ਕੇ ਉਹ ਪਿਘਲ ਗਈ।
“ਮੈਨੂੰ... ਮੁਆਫ਼ ਕਰੀਂ ਮੋਨਾ...ਮੈਂ ਬੜਾ ਹੀ ਅਧੂਰਾ ਇਨਸਾਨ ਆਂ। ਮੈਂ...ਆਬਿਦਾ...।”
“ਮੈਂ ਜਾਣਦੀ ਆਂ।” ਉਸਨੇ ਫ਼ਿਲਾਸਫ਼ਰਾਂ ਵਾਂਗ ਧੀਮੀ ਆਵਾਜ਼ ਵਿਚ ਕਿਹਾ, “ਮੈਂ ਵੇਸ਼ਵਾ ਆਂ ਤੇ ਜੇ ਤੁਹਾਡੀ ਜਗ੍ਹਾ ਏਸ ਵੇਲੇ ਹੋਰ ਕੋਈ ਹੁੰਦਾ ਤਾਂ ਉਸਨੂੰ ਕੱਚਾ ਖਾ ਜਾਂਦੀ। ਪਰ ਤੁਹਾਡੇ ਮਾਮਲੇ ਵਿਚ ਮੈਂ ਵੀ ਅਧੂਰੀ ਵੇਸ਼ਵਾ ਆਂ।” ਉਹ ਕੱਚੀ ਜਿਹੀ ਹਾਸੀ ਵਿਚ ਆਪਣੇ ਦੁੱਖ ਨੂੰ ਛਿਪਾਉਣ ਦੀ ਕੋਸ਼ਿਸ਼ ਕਰਨ ਲੱਗੀ।

ਦਰਵਾਜੇ ਦੇ ਪੱਲੇ ਹਿੱਲ ਰਹੇ ਸਨ¸ ਬਾਹਰ ਹਲਕੀ-ਹਲਕੀ ਫੁਆਰ ਵਿਚ ਸਿਸਕੀਆਂ ਘੁਲੀਆਂ ਹੋਈਆਂ ਜਾਪਦੀਆਂ ਸਨ। ਮਾਜਿਦ ਦੀ ਝੁਲਸੀ ਹੋਈ ਹਥੇਲੀ ਵਿਚ ਸੂਈਆਂ ਚੁਭ ਰਹੀਆਂ ਸਨ।
ਆਬਿਦਾ¸ ਆਬਿਦਾ ਕੀ ਦੋਸਤੀ ਦਾ ਇਹੀ ਤਰੀਕਾ ਹੈ ਕਿ ਮੈਂ ਇੱਥੇ ਹਾਂ ਤੇ ਤੂੰ ਉੱਥੇ ਬਾਜੀ ਦੇ ਨਿਆਣਿਆਂ ਨਾਲ ਕੈਰਮ ਖੇਡ ਰਹੀ ਏਂ!'
ਖਾਣੇ ਵੇਲੇ ਭੁੱਖ ਨਾ ਹੋਣ ਦਾ ਬਹਾਨਾ ਕਰਕੇ ਉਹ ਸੌਣ ਚਲਾ ਗਿਆ। ਪਾਸੇ ਪਰਤਦਿਆਂ ਅੱਧੀ ਰਾਤ ਬੀਤ ਗਈ। ਉੱਠ ਕੇ ਪਾਣੀ ਪੀਤਾ। ਟਹਿਲਿਆ, ਪੜ੍ਹਨ ਦੀ ਕੋਸ਼ਿਸ਼ ਕੀਤੀ...ਪਰ ਦਿਮਾਗ਼ ਵਿਚ ਰਿੱਝ ਰਿਹਾ ਲਾਵਾ ਠੰਡਾ ਨਾ ਹੋਇਆ; ਤਨ ਦੀ ਪੁਕਾਰ ਮੱਠੀ ਨਹੀਂ ਪਈ। ਉਸਦੀਆਂ ਅੱਖਾਂ ਸਾਹਮਣੇ ਕਪਾਹ ਰੰਗੇ ਬਦਲਾਂ ਵਿਚ ਤਾਰੇ ਝਿਲਮਿਲ-ਝਿਲਮਿਲ ਕਰੀ ਜਾ ਰਹੇ ਸਨ। ਉਸਨੇ ਕਈ ਵਾਰੀ ਆਪਣੇ ਦੁਆਲਿਓਂ ਉਹਨਾਂ ਹੱਥਾਂ ਦੀ ਕੰਘੀ ਨੂੰ ਖੋਹਲ ਸੁੱਟਣਾ ਚਾਹਿਆ, ਪਰ ਉਸਦਾ ਸਰੀਰ ਅਜਗਰ ਦੀ ਲੋਹ-ਪਕੜ ਤੋਂ ਮੁਕਤ ਨਹੀਂ ਹੋ ਸਕਿਆ। ਉਸਨੇ ਕਮੀਜ ਬਦਲ ਲਈ ਸੀ...ਪਰ ਜਿੱਥੇ ਉਸਦੇ ਹੰਝੂ ਲੱਗੇ ਸਨ, ਅੰਗਿਆਰ ਰੱਖੇ ਜਾਪਦੇ ਸਨ। ਹਵਾ ਰੁਕ-ਰੁਕ ਕੇ ਚੱਲ ਰਹੀ ਸੀ¸ ਖਿੜਕੀ ਦੀ ਚੁਗਾਠ ਉੱਪਰ ਚਮੇਲੀ ਦੀ ਟਾਹਨੀ ਸਿਰ ਮਾਰ ਰਹੀ ਸੀ।
ਐਸੀ-ਤੈਸੀ ਟੂਰ ਦੀ!'...ਉਹ ਭੁੜਕ ਕੇ ਉਠ ਬੈਠਾ ਹੋਇਆ। ਸਿਰਹਾਣੇ ਵਾਲਾ ਲੈਂਪ ਜਗਾਇਆ। ਉੱਧਰ ਭੌਂ ਕੇ ਦੇਖਿਆ¸ ਜਿੱਥੇ ਆਬਿਦਾ ਗੱਲ੍ਹ ਹੇਠ ਹਥੇਲੀ ਰੱਖੀ ਸੁੱਤੀ ਹੁੰਦੀ ਸੀ। ਲੱਗਿਆ, ਹੁਣੇ ਉਠ ਕੇ ਕਿਧਰੇ ਨੱਠ ਗਈ ਹੈ!¸ ਉਸਨੂੰ ਆਪਣੇ ਪਾਗਲ ਹੋਣ ਦਾ ਭਰਮ ਹੋਣ ਲੱਗਿਆ। ਉਹ ਕਿਤੇ ਨਹੀਂ ਜਾ ਸਕਦੀ। ਉਸ ਤੋਂ ਨੱਸ ਕੇ ਹੋਰ ਕਿਧਰੇ ਜਾਏਗੀ ਵੀ ਕਿੱਥੇ? ਉਹ ਉਸਦੀ ਪਤਨੀ ਹੈ। ਉਸਦੇ ਦਿਲ ਦੀ ਸ਼ਾਂਤੀ ਭੰਗ ਕਰਕੇ ਆਪ ਆਰਾਮ ਨਾਲ ਸੁੱਤੀ ਪਈ ਹੋਏਗੀ; ਤੇ ਸ਼ਇਦ ਕੋਈ ਡਰਾਵਨਾ ਸੁਪਨਾ ਦੇਖ ਕੇ ਹੁਬਕੀਂ-ਹੁਬਕੀ ਰੋ ਰਹੀ ਹੋਏਗੀ; ਤੇ ਜਾਗ ਪੈਣ ਪਿੱਛੋਂ ਸਾਫ ਮੁੱਕਰ ਜਾਏਗੀ।...
'ਮੈਂ ਸੁਪਨੇ ਦੇਖਣੇ ਛੱਡ ਦਿੱਤੇ ਨੇ।'
ਕੋਈ ਸੁਪਨੇ ਦੇਖਣੇ ਵੀ ਛੱਡ ਸਕਦਾ ਹੈ ਭਲਾ? ਸੁਪਨੇ ਤਾਂ  ਜ਼ਿੰਦਗੀ ਦੇ ਸਹਾਰੇ ਹੁੰਦੇ ਨੇ। ਕੋਈ ਜਾਣ ਬੂਝ ਕੇ ਜਿਊਣਾ ਛੱਡ ਸਕਦਾ ਹੈ ਭਲਾ? ਅਸਲ ਵਿਚ ਉਸਦੇ ਸੁਪਨੇ ਚਕਨਾ-ਚੂਰ ਹੋ ਚੁੱਕੇ ਨੇ। ਉਹ ਉਹਨਾਂ ਸੁਪਨਿਆਂ ਨੂੰ ਮੁੜ ਜੋੜ ਦਏਗਾ। ਉਹ ਉਸਦੀਆਂ ਅੱਖਾਂ ਚੁੰਮ ਕੇ ਫੇਰ ਉਹਨਾਂ ਵਿਚ ਤਾਰੇ ਜਗਾ ਦਏਗਾ।  ਜ਼ਿੰਦਗੀ ਫੇਰ ਪਰਤ ਆਏਗੀ। ਇਹ ਸੁੰਨਾਪਣ ਦੂਰ ਹੋ ਜਾਏਗਾ, ਫੇਰ ਚਾਂਦੀ ਦੇ ਵਰਕ ਉੱਪਰ ਦੋ ਨਾਂ, ਉਭਰ ਕੇ, ਚਮਕਣ ਲੱਗਣਗੇ।
ਉਸਨੇ ਛੇਤੀ-ਛੇਤੀ ਕੱਪੜੇ ਪਾਏ। ਗੱਡੀ ਦੀ ਚਾਬੀ, ਉਸਨੇ ਡਰਾਈਵਰ ਕੋਲ ਹੀ ਰਹਿਣ ਦਿੱਤੀ ਸੀ ਕਿਉਂਕਿ ਸਵੇਰੇ ਸਵਖਤੇ ਹੀ ਉਸਨੇ ਉਸਨੂੰ ਏਅਰ ਪੋਰਟ ਪਹੁੰਚਾਉਣਾ ਸੀ। ਖ਼ੈਰ, ਕੋਈ ਚਿੰਤਾ ਨਹੀਂ¸ ਕੋਈ ਟੈਕਸੀ ਮਿਲ ਜਾਏਗੀ।
ਉਹ ਬਰਸਾਤੀ ਲੈਣਾ ਵੀ ਭੁੱਲ ਗਿਆ, ਵੈਸੇ ਬਾਰਸ਼ ਵੀ ਰੁਕ ਚੁੱਕੀ ਸੀ। ਸੜਕ ਦੀ ਮਿੱਟਮੈਲੀ ਰੋਸ਼ਨੀ ਵਿਚ ਲੱਗਦਾ ਸੀ, ਸੜਕ ਉੱਪਰ ਤੇਲ ਚੋਪੜਿਆ ਹੋਇਆ ਹੈ। ਉਸਦਾ ਹਮਰਾਹੀ ਸਿਰਫ ਇਕ ਭਿੱਜਿਆ ਹੋਇਆ ਕੁੱਤਾ ਸੀ।
ਓਪੇਰਾ ਹਾਊਸ ਤਕ ਉਹ ਲੱਥ-ਪੱਥ ਹੋ ਗਿਆ। ਟੈਕਸੀ ਵਾਲੇ ਨੇ ਸ਼ੱਕੀ-ਜਿਹੀਆਂ ਨਜ਼ਰਾਂ ਨਾਲ ਦੇਖਿਆ, ਪਰ ਉਦੋਂ ਤਕ ਉਹ ਅੰਦਰ ਲੁੜਕ ਚੁੱਕਿਆ ਸੀ।
“ਡਿੰਕਨ ਰੋਡ।” ਪਤਾ ਨਹੀਂ ਅੰਦਰ ਕੌਣ ਬੋਲ ਰਿਹਾ ਸੀ!
ਥੱਕ-ਹਾਰ ਕੇ ਉਸਨੇ ਆਪਣੇ ਆਪ ਨੂੰ ਉਸ ਅਜਨਬੀ ਤਾਕਤ ਦੇ ਹਵਾਲੇ ਕਰ ਦਿੱਤਾ ਸੀ ਤੇ ਉਹ ਤਾਕਤ ਉਸਦੇ ਚਾਰੇ ਪਾਸਿਓਂ ਲਿਪਟ ਕੇ ਕਿਸੇ ਅਜਗਰ ਵਾਂਗ ਹੀ ਉਸਨੂੰ ਮਸਲੀ-ਮਧੋਲੀ ਜਾ ਰਹੀ ਸੀ। ਉਹ ਜ਼ਰਾ ਵੀ 'ਇੰਟਲੈਕਚੁਅਲ' ਨਹੀਂ¸ ਹੁਣ ਇਸ ਭਰਮ ਦੀ ਤਖ਼ਤੀ ਨੂੰ ਅੱਗ ਲਾ ਦਏਗਾ ਉਹ। ਉਸਦਾ ਤੇ ਆਬਿਦਾ ਦਾ ਕੋਈ ਜੋੜ ਨਹੀਂ। ਕੱਲ੍ਹ ਪਹਿਲੀ ਡਾਕ ਵਿਚ ਉਹ ਤਲਾਕਨਾਮਾ ਭੇਜ ਦਏਗਾ। ਉਹ ਇਹਨਾਂ ਬੁਲੰਦੀਆਂ ਦਾ ਹੱਕਦਾਰ ਨਹੀਂ।
ਚਿੱਕੜ ਤੇ ਗੰਦਗੀ ਵੱਲੋਂ ਬੇਪ੍ਰਵਾਹ ਉਹ ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦਾ ਹੋਇਆ ਗਲੀ ਵਿਚ ਮੁੜ ਗਿਆ। ਰੁਮਾਲ ਕੱਢ ਕੇ ਚਿਹਰਾ ਸਾਫ ਕਰਨ ਲੱਗਾ ਤਾਂ ਕਾਗਜ਼ ਦਾ ਇਕ ਟੁਕੜਾ ਫੱਟੜ-ਚਿੜੀ ਵਾਂਗ ਫੜਫੜਾਉਂਦਾ ਹੋਇਆ ਚਿੱਕੜ ਵਿਚ ਜਾ ਡਿੱਗਿਆ। ਉਸਨੇ ਚੁੱਕ ਕੇ ਦੇਖਿਆ¸ ਉਸਦਾ ਵਿਜਟਿੰਗ ਕਾਰਡ ਸੀ। ਉਸਦਾ ਨਾਂ, ਅਹੂਦਾ, ਟੈਲੀਫ਼ੋਨ ਨੰਬਰ¸ ਬਿੰਦ ਦਾ ਬਿੰਦ ਉਹ ਹਿਰਖ ਗਿਆ, 'ਇਹ ਕੌਣ ਨਾਮੂਰਾਦ ਹੋਇਆ?'
ਪਰ ਹੌਲੀ-ਹੌਲੀ ਉਸਦੇ ਚਿੱਕੜ ਵਿਚ ਧਸੇ ਪੈਰਾਂ ਵਾਂਗ ਇਹ ਗੱਲ ਉਸਦੇ ਦਿਮਾਗ਼ ਵਿਚ ਧਸਣ ਲੱਗੀ ਕਿ ਇਹ ਮੂਰਖ ਉਹ ਆਪ ਹੀ ਹੈ। ਏਨਾ ਸ਼ਰੀਫ ਤੇ ਸਭਿਅ ਇਨਸਾਨ ਇਸ ਚਿੱਕੜ ਵਿਚ ਕੀ ਕਰ ਰਿਹਾ ਹੈ? ਉਹ ਕਾਰਡ ਵੱਲ ਦੇਖਦਾ ਤੇ ਕਦੀ ਮੋਨਾ ਦੇ ਬੰਦ ਦਰਵਾਜ਼ੇ ਵੱਲ।
ਉਹ ਇੱਥੇ ਕਿਵੇਂ ਪਹੁੰਚ ਗਿਆ? ਜਾ ਉਹ ਕਿੱਥੇ ਰਿਹਾ ਸੀ, ਤੇ ਆ ਕਿੱਥੇ ਗਿਆ ਹੈ? ਬੌਂਦਲਿਆ ਜਿਹਾ ਉਹ ਪਿਛਾਂਹ ਵੱਲ ਪਰਤਿਆ¸ ਮੁਹੱਲੇ ਦੀ ਗਰੀਬੀ ਤੇ ਨੰਗਾਪਣ ਉਸਦੇ ਪਿੱਛੇ-ਪਿੱਛੇ ਹੋ ਲਏ। ਰਾਤ, ਹੋਰ ਕਾਲੀ ਹੋ ਗਈ ਜਾਪਦੀ ਸੀ। ਮੀਂਹ ਨੇ ਮੁੜ ਆ ਘੇਰਿਆ ਤੇ ਉਹ ਤੇਜ਼ੀ ਨਾਲ ਗੰਦੀਆਂ-ਮੰਦੀਆਂ, ਨਿੱਕੀਆਂ-ਵੱਡੀਆਂ, ਭੀੜੀਆਂ ਗਲੀਆਂ ਨੂੰ ਪਿੱਛੇ ਛੱਡਦਾ ਹੋਇਆ ਦੌੜਦਾ ਰਿਹਾ।
ਇਕ ਵਾਰੀ ਸਭਿਅ ਸੰਸਾਰ ਵਿਚ ਵਾਪਸ ਆ ਕੇ ਉਸਨੇ ਘੜੀ ਦੇਖੀ, ਪੌਣੇ ਤਿੰਨ ਵੱਜ ਚੁੱਕੇ ਸਨ¸ ਛੇ ਵਜੇ ਉਸਨੇ ਜਹਾਜ਼ ਚੜ੍ਹਨਾ ਸੀ। ਦੂਰ-ਦੂਰ ਤਕ ਕਿਸੇ ਟੈਕਸੀ ਦਾ ਨਾਂ ਨਿਸ਼ਾਨ ਤਕ ਨਹੀਂ ਸੀ। ਉਹ ਦੌੜਦਾ ਰਿਹਾ¸ ਗੰਦਗੀ ਤੋਂ ਦੂਰ, ਆਪਣੀ ਮੂਰਖਤਾ ਤੇ ਦੁਨੀਆਂ ਦੇ ਮਿਹਣਿਆਂ ਤੋਂ ਦੂਰ, ਪੂਰੇ ਇਨਸਾਨਾਂ ਦੀ ਦੂਨੀਆਂ ਵੱਲ। ਉਹ ਕਿਸੇ ਵੀ ਕੀਮਤ 'ਤੇ ਆਪਣੀ ਦੁਨੀਆਂ ਤੇ ਆਪਣੀ ਹਸਤੀ ਤਿਆਗਣ ਲਈ ਤਿਆਰ ਸੀ।
ਫਲੋਰਾ ਫਾਊਂਟੈਨ ਤੋਂ ਉਸਨੂੰ ਟੈਕਸੀ ਮਿਲ ਗਈ।...ਤੇ ਜਦੋਂ ਉਹ ਘਰੇ ਪਹੁੰਚਿਆ ਤਾਂ ਮਾਨਸਿਕ ਤੇ ਸਰੀਰਕ ਤੌਰ 'ਤੇ  ਏਨਾ ਥੱਕਿਆ ਹੋਇਆ ਸੀ ਕਿ ਕੱਪੜੇ ਬਦਲਣ ਦੀ ਤਾਕਤ ਵੀ ਨਹੀਂ ਸੀ ਉਸ ਵਿਚ। ਉਹ ਜ਼ਰਾ ਸੁਸਤਾ ਲੈਣ ਲਈ ਦੀਵਾਨ ਉੱਤੇ ਲੇਟ ਗਿਆ¸ ਪਲੇਨ ਦੀ ਉਡਾਨ ਵਿਚ ਅਜੇ ਢਾਈ ਘੰਟੇ ਰਹਿੰਦੇ ਸਨ।
ਜਦੋਂ ਸਾਢੇ ਚਾਰ ਵਜੇ ਅਲਾਰਮ ਵੱਜਣ ਲੱਗਾ ਤਾਂ ਉਸਦੇ ਹੱਥਾਂ ਵਿਚ ਏਨੀ ਤਾਕਤ ਵੀ ਨਹੀਂ ਸੀ ਕਿ ਬਟਨ ਦੱਬ ਕੇ ਉਸਨੂੰ ਬੰਦ ਹੀ ਕਰ ਦੇਂਦਾ। ਉਸਦਾ ਸਿਰ ਮਣਾ-ਮੂੰਹੀਂ ਭਾਰਾ ਹੋਇਆ ਹੋਇਆ ਸੀ ਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਰਹੇ ਸਨ। ਬੜੀ ਮੁਸ਼ਕਲ ਨਾਲ ਉਹ ਉਠਿਆ, ਪਰ ਚਕਰਾਅ ਕੇ ਉੱਥੇ ਹੀ ਡਿੱਗ ਪਿਆ। ਉਸਨੂੰ ਆਪਣੀ ਹਾਲਤ ਉੱਪਰ ਏਨਾਂ ਰਹਿਮ ਆਇਆ ਕਿ ਖ਼ੁਦ ਉਹਦਾ ਰੋਣ ਨਿਕਲ ਗਿਆ।

ਗਰਮੀ!...ਉਸਨੇ ਚਾਹਿਆ ਕਿ ਅੰਗਿਆਰਾਂ ਦੀ ਉਸ ਪਰਤ ਨੂੰ ਆਪਣੇ ਉੱਪਰੋਂ ਲਾਹ ਸੁੱਟੇ। ਪਰ ਸਫੇਦ ਫੰਬਿਆਂ ਵਰਗੀ ਨਰਮ-ਨਰਮ ਬਰਫ਼ ਵਿਚ ਉਹ ਨੱਕ ਤੱਕ ਧਸ ਚੁੱਕਿਆ ਸੀ। ਸਾਹਾਂ ਦੀ ਗਤੀ ਦੇ ਨਾਲ-ਨਾਲ ਉਸਦੀ ਖੋਪੜੀ ਵਿਚ ਇਕ ਭਾਰੀ ਪੈਂਡੂਲਮ ਏਧਰ-ਉਧਰ ਉਸਦੀਆਂ ਪੁੜਪੁੜੀਆਂ ਨਾਲ ਟਕਰਾਅ ਰਿਹਾ ਸੀ। ਉਸਦੇ ਲੱਕ ਦੁਆਲੇ ਲਚਕਦਾਰ ਮਰਮਰੀ ਅਜਗਰ ਲਿਪਟੇ ਹੋਏ ਸਨ¸ ਕਪਾਹ ਰੰਗਾ ਚਿੱਕੜ ਉਸਦੇ ਸਾਹਾਂ ਵਿਚ ਘੁਲਦਾ ਜਾ ਰਿਹਾ ਸੀ¸ ਤਾਰਿਆਂ ਦੀ ਫੁਆਰ ਹੀਰੇ ਦੀ ਰਾਖ ਬਣਕੇ ਅੱਖਾਂ ਵਿਚ ਰੜਕ ਰਹੀ ਸੀ।
ਪਿਆਜ ਦੇ ਸੁੱਕੇ ਛਿਲਕੇ ਵਿਚ ਲਿਪਟੀ ਹੋਈ ਆਬਿਦਾ ਉਸ ਉੱਪਰ ਖੰਭ ਪਸਾਰੀ, ਹੰਝੂ ਵਹਾਅ ਰਹੀ ਹੈ¸ ਉਸਦੇ ਆਰ ਪਾਰ ਦੁੱਧ ਦੀਆਂ ਬੋਤਲਾਂ ਦੀ ਕਤਾਰਾਂ ਬੜੀ ਤਰਤੀਬ ਨਾਲ ਸਰਕ ਰਹੀ ਸੀ¸ ਤੇ ਉਸਦੀਆਂ ਰਗਾਂ ਵਿਚ ਬਰਫ਼ ਦੀਆਂ ਬਰੀਕ ਬਰੀਕ ਕੈਂਕਰਾਂ ਰੜਕ ਰਹੀਆਂ ਸਨ¸ 'ਆਬਿਦਾ, ਆਬਿਦਾ।' ਉਸਨੇ ਬੋਲਾਉਣਾ ਚਾਹਿਆ, ਪਰ ਮੂੰਹ ਲੋਹੇ ਦੇ ਸ਼ਿਕੰਜੇ ਵਿਚ ਜਕੜਿਆ ਹੋਇਆ ਸੀ ਜਿਹੜਾ ਜਰ ਚੁੱਕਿਆ ਸੀ।
ਅੱਖਾਂ ਖੁੱਲ੍ਹੀਆਂ ਹੋਣ 'ਤੇ ਵੀ ਉਹ ਆਪਣੇ ਉੱਪਰ ਝੁਕੀ ਹੋਈ ਆਬਿਦਾ ਨੂੰ ਸੁਪਨਾ ਸਮਝਦਾ ਰਿਹਾ। ਆਬਿਦਾ, ਜਿਸਨੇ ਸੁਪਨੇ ਦੇਖਨਾ ਛੱਡ ਕੇ ਆਪ ਕਿਸੇ ਲੰਮੇ ਸੁਪਨੇ ਦਾ ਰੂਪ ਧਾਰ ਲਿਆ ਸੀ। ਉਸ ਵਿਚ ਉਸ ਸੁਪਨੇ ਨਾਲ ਜੂਝਣ ਦੀ ਤਾਕਤ ਨਹੀਂ ਸੀ ਰਹੀ।
ਪਰ ਜਦੋਂ ਉਸਨੇ ਗੁਲਾਬੀ ਕਾਗਜ਼ ਵਾਂਗ ਸਰਸਰਾਂਦਾ ਹੋਇਆ ਹੱਥ ਉਸਦੇ ਮੱਥੇ ਉੱਪਰ ਰੱਖਿਆ ਤਾਂ ਉਹ ਪੂਰੀ ਤਰ੍ਹਾਂ ਜਾਗ ਪਿਆ।
“ਤੂੰ-ਤੂੰ-ਕਿੱਦਾਂ...?” ਉਹ ਉਠਣ ਲੱਗਿਆ।
“ਉਠੋ ਨਾ।” ਉਸਨੇ ਸਿਸਕੀ ਜਿਹੀ ਲਈ।
“ਤੂੰ ਰੋ ਰਹੀ ਏਂ?” ਉਸਨੇ ਉਂਗਲ ਨਾਲ ਉਸਦੀ ਭਿੱਜੀ ਹੋਈ ਗੱਲ੍ਹ ਉੱਤੇ ਲਕੀਰ ਖਿੱਚੀ ਤੇ ਥਕੇਵੇਂ ਜਿਹੇ ਕਾਰਨ ਅੱਖਾਂ ਮੀਚ ਲਈਆਂ।
ਦੂਜੀ ਵਾਰੀ ਜਦੋਂ ਉਸਦੀਆਂ ਅੱਖਾਂ ਖੁੱਲ੍ਹੀਆਂ ਤਾਂ ਸਵੇਰ ਹੋ ਚੁੱਕੀ ਸੀ। ਆਬਿਦਾ ਦਾ ਗੁਲਾਬੀ ਗਰਾਰਾ ਤੇ ਦੁਪੱਟਾ ਵੱਟੋ-ਵੱਟ ਹੋਇਆ-ਹੋਇਆ ਸੀ। ਮੱਥੇ ਉੱਪਰ ਇਕ ਥੱਕੀ ਜਿਹੀ ਲਿਟ ਬੇਦਮ ਪਈ ਸੀ, ਪਰ ਉਸਦੀਆਂ ਅੱਖਾਂ ਵਿਚੋਂ ਪਾਣੀ ਝਿਰ ਰਿਹਾ ਸੀ।

ਗਿਆਰਾਂ ਦਿਨਾਂ ਬਾਅਦ ਉਸਦਾ ਬੁਖਾਰ ਲੱਥਾ ਸੀ...ਏਨੇ ਦਿਨ ਉਹ ਕਿਸ ਦੁਨੀਆਂ ਵਿਚ ਰਿਹਾ, ਕੀ ਕਰਦਾ ਰਿਹਾ, ਉਸਨੂੰ ਕੁਝ ਵੀ ਯਾਦ ਨਹੀਂ ਸੀ ਤੇ ਇੰਜ ਆਪਣੀ ਜ਼ਿੰਦਗੀ ਦੇ ਗਿਆਰਾਂ ਦਿਨ ਗੁਆਚ ਜਾਣ ਕਾਰਨ ਉਹ ਖਾਸਾ ਭੈਭੀਤ ਹੋ ਗਿਆ ਸੀ।
“ਕੀ ਹੋਇਆ ਸੀ?”
“ਗਠੀਆ ਬੁਖ਼ਾਰ।”
“ਤੂੰ ਕਦ ਆਈ...?”
“ਸ਼ੁਕਰਵਾਰ ਨੂੰ ਤਾਰ ਮਿਲੀ...ਮੈਂ ਆਈ ਤਾਂ...” ਉਹ ਹੱਸ ਵੀ ਰਹੀ ਸੀ ਤੇ ਹੰਝੂ ਵੀ ਵਗ ਰਹੇ ਸਨ, “ਹਾਏ ਮੱਜੂ¸ ਤੁਸੀਂ ਤਾਂ ਮੈਨੂੰ ਡਰਾ ਈ ਦਿੱਤਾ।” ਆਬਿਦਾ ਨੇ ਉਸਦਾ ਹੱਥ ਫੜ ਕੇ ਆਪਣੀ ਗੱਲ੍ਹ ਨਾਲ ਲਾ ਲਿਆ।
“ਫੇਰ 'ਕੱਲਾ ਛੱਡ ਕੇ ਜਾਏਂਗੀ?” ਮਾਜਿਦ ਨੇ ਉਸਦਾ ਹੇਠਲਾ ਹੋਂਠ ਛੂਹ ਕੇ ਕਿਹਾ।
“ਕਦੋਂ ਗਈ ਸਾਂ ਤੁਹਾਨੂੰ ਛੱਡ ਕੇ, ਦਿਲ ਤਾਂ ਹਰ ਵੇਲੇ ਇੱਥੇ ਹੀ ਹੁੰਦਾ ਸੀ ਤੁਹਾਡੇ ਕੋਲ।”
“ਖ਼ਤਾਂ ਤੋਂ ਤਾਂ ਇੰਜ ਨਹੀਂ ਸੀ ਲੱਗਦਾ।”
“ਉਹ! ਓ-ਜੀ, ਖ਼ਤ ਤਾਂ ਤੁਹਾਨੂੰ ਜਲਾਉਣ ਖਾਤਰ ਲਿਖ ਦਿੱਤੇ ਸਨ।” ਆਬਿਦਾ ਦੀਆਂ ਅੱਖਾਂ ਵਿਚੋਂ ਮਿਠਾਸ ਟਪਕਣ ਲੱਗੀ।
“ਐਤਕੀਂ ਜਲਾਇਆ ਤਾਂ ਖ਼ੁਦਾ ਦੀ ਸਹੁੰ ਭਸਮ ਈ ਹੋ ਜਾਵਾਂਗੇ ਅਸੀਂ।”
“ਤੌਬਾ! ਤੌਬਾ ਮੇਰੀ! ਅੱਲਾ...” ਉਸਨੇ ਆਪਣੇ ਕੰਨ ਦੀ ਲੌਲ ਮਰੋੜ ਕੇ, ਗੱਲ੍ਹ ਉੱਤੇ ਚਪੇੜਾਂ ਮਾਰਦਿਆਂ ਕਿਹਾ, “ਜਾਨ ਹੁਣ ਇਹੋ ਜਿਹੀ ਗ਼ਲਤੀ ਨਹੀਂ ਹੋਏਗੀ।”

No comments:

Post a Comment