Tuesday 13 July 2010

ਪਹਿਲੀ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ




ਉਰਦੂ ਨਾਵਲਿਟ :: ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ
ਅਨੁਵਾਦ : ਮਹਿੰਦਰ ਬੇਦੀ ਜੈਤੋ :: ਪਹਿਲੀ ਕਿਸ਼ਤ


ਕਮਰੇ ਵਿਚ ਫਿੱਕਾ ਹਨੇਰਾ ਭਰਿਆ ਹੋਇਆ ਸੀ ਤੇ ਆਬਿਦਾ ਦੋਵਾਂ ਹਥੇਲੀਆਂ ਵਿਚਕਾਰ ਸਿਰ ਘੁੱਟੀ, ਗੁੰਮ-ਸੁੰਮ ਜਿਹੀ ਬੈਠੀ ਹੋਈ ਸੀ। ਸੁਰਮਈ ਧੁੰਏਂ ਵਾਂਗ ਰਾਤ, ਅਛੋਪਲੇ ਹੀ, ਕਮਰੇ ਵਿਚ ਵੜਦੀ ਆ ਰਹੀ ਸੀ; ਪਰ ਚਾਰੇ ਪਾਸੇ ਫ਼ੈਲੇ ਹਨੇਰੇ ਨਾਲੋਂ ਵੱਧ ਗੂੜ੍ਹਾ ਹਨੇਰਾ ਉਸਦੇ ਸੁੰਨਸਾਨ ਦਿਲ ਵਿਚ ਪਸਰਿਆ ਹੋਇਆ ਸੀ। ਹੰਝੂਆਂ ਦੇ ਸੋਤੇ ਸੁੱਕ ਚੁੱਕੇ ਸਨ ਤੇ ਪਲਕਾਂ ਹੇਠ ਰੇਤ ਰੜਕ ਰਹੀ ਸੀ।
ਨਾਲ ਵਾਲੇ ਬੰਗਲੇ ਵਿਚ ਟੈਲੀਫ਼ੋਨ ਦੀ ਘੰਟੀ ਲਗਾਤਾਰ ਸਿਸਕੀਆਂ ਲੈ ਰਹੀ ਸੀ। ਘਰ ਵਾਲੇ ਸ਼ਾਇਦ ਕਿੱਧਰੇ ਬਾਹਰ ਗਏ ਹੋਏ ਸਨ। ਨੌਕਰਾਂ ਦੇ ਕੁਆਟਰਾਂ ਵੱਲੋਂ ਧੀਮੀ ਆਵਾਜ਼ ਵਿਚ ਗੱਲਾਂ ਕਰਨ ਅਤੇ ਭਾਂਡਿਆਂ ਦੇ ਖੜਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਆਬਿਦਾ ਨੇ ਹੱਥ ਵਧਾ ਕੇ ਡਬਲ-ਬੈੱਡ ਦੀ ਚਾਦਰ ਦੀਆਂ ਸਿਲਵਟਾਂ ਨੂੰ ਮਿਟਾਅ ਦਿੱਤਾ। ਕਾਸ਼, ਇਨਸਾਨੀ ਹੱਥਾਂ ਵਿਚ ਏਨੀ ਤਾਕਤ ਹੁੰਦੀ ਕਿ ਦਿਲ ਉੱਪਰ ਇਕ ਪਿੱਛੋਂ ਇਕ ਪਈਆਂ ਅਣਗਿਣਤ ਸਿਲਵਟਾਂ ਨੂੰ ਵੀ ਮਿਟਾ ਸਕਦਾ! ਰਤਾ ਭੈਭੀਤ ਜਿਹੀ ਹੋ ਕੇ ਉਸਨੇ ਸਿਰਹਾਣੇ ਵਾਲਾ ਲੈਂਪ ਬਾਲ ਦਿੱਤਾ। ਬੈੱਡ-ਕਵਰ ਦੇ ਸੁਰਮਈ ਤੇ ਸਫ਼ੇਦ ਫੁੱਲ ਟਹਿਕਣ ਲੱਗ ਪਏ¸ ਅੱਧਾ; ਪਲੰਘ ਜਾਗ ਪਿਆ। ਪਰ ਉਹ ਹਿੱਸਾ ਜਿੱਥੇ ਮਾਜਿਦ ਹੁੰਦੇ ਸਨ, ਕਬਰ ਵਰਗੇ ਹਨੇਰੇ ਵਿਚ ਡੁੱਬਿਆ ਰਿਹਾ। ਉਹਨਾਂ ਦੇ ਸਿਰਹਾਣੇ ਵਾਲਾ ਲੈਂਪ ਆਬਿਦਾ ਦੀ ਪਹੁੰਚ ਤੋਂ ਦੂਰ ਸੀ ਤੇ ਉਹ ਇਹ ਵੀ ਜਾਣਦੀ ਸੀ ਕਿ ਬੈੱਡ-ਲੈਂਪ ਦੀ ਰੌਸ਼ਨੀ ਉਸ ਹਨੇਰੇ ਨੂੰ ਨਹੀਂ ਮਿਟਾਅ ਸਕੇਗੀ, ਜਿਸ ਵਿਚ ਉਹ ਡੁੱਬ ਚੁੱਕੇ ਸਨ। ਮੁੱਦਤ ਬੀਤਿਆਂ ਵੀ ਛੇ ਮਹੀਨੇ ਹੋ ਗਏ ਸਨ¸ ਅੰਮਾਂ ਕਈ ਵਾਰੀ ਲਿਖ ਚੁੱਕੀ ਸੀ ਕਿ ਬੇਟਾ ਕਦੋਂ ਤਕ ਇਸ ਕਬਾੜ-ਘਰ ਵਿਚ ਇਕੱਲੀ ਜਾਨ ਨੂੰ ਖਪਾਂਦੀ ਰਹੇਂਗੀ?
ਪਰ ਆਬਿਦਾ ਨੇ ਦੁੱਖ ਨੂੰ ਹੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਸੀ, ਉਸ ਕੋਲ ਉਹਨਾਂ ਦੀ ਕੋਈ ਹੋਰ ਨਿਸ਼ਾਨੀ ਵੀ ਤਾਂ ਨਹੀਂ ਸੀ¸ ਮਾਜਿਦ ਦਾ ਦੁੱਖ ਹੀ ਉਸਦਾ ਇਕਲੌਤਾ ਸਾਥੀ ਸੀ। ਹਾਲਾਂਕਿ ਉਹ ਜਾਣਦੀ ਸੀ ਕਿ ਡਬਲ-ਬੈੱਡ ਦਾ ਅੱਧਾ ਹਿੱਸਾ ਕਦੀ ਰੌਸ਼ਨ ਨਹੀਂ ਹੋਵੇਗਾ, ਹੱਥ ਛੁਹ ਜਾਣ ਪਿੱਛੋਂ ਉਹਨਾਂ ਦਾ ਸਰੀਰ ਤ੍ਰਭਕ ਕੇ ਲਿਪਟ ਜਾਣ ਦੇ ਸੁਨੇਹੇ ਨਹੀਂ ਦਵੇਗਾ। ਇਸ ਕਮਰੇ ਵਿਚ ਕਦੀ ਉਹਨਾਂ ਦੇ ਵਿਸ਼ੇਸ਼ ਸਿਗਰਟ ਦੀ ਗੰਧ ਨਹੀਂ ਮਹਿਕੇਗੀ...ਤੇ ਨਾ ਹੀ ਕੋਈ ਸਵੇਰੇ-ਸਵਖ਼ਤੇ ਬਾਥਰੂਮ ਵਿਚ ਖੜਕਾ-ਦੜਕਾ ਕਰਦਿਆਂ ਹੋਇਆਂ, ਬੇਸੁਰੇ ਗੀਤ ਹੀ ਗਾਵੇਗਾ। ਹੁਣ ਕਿਸੇ ਦਾ ਬਿਨਾਂ ਸ਼ੇਵ ਕੀਤਾ ਖ਼ੁਰਦਰਾ ਗੱਲ੍ਹ ਉਸਦੀ ਠੋਡੀ ਨੂੰ ਨਹੀਂ ਛਿੱਲੇਗਾ।
ਕਮਰੇ ਦੀ ਖਿੜਕੀ ਦੇ ਨਾਲ ਸੁੱਕ ਕੇ ਝਾੜੀ ਬਣੀ ਚਮੇਲੀ ਦੀ ਵੇਲ ਉੱਪਰ ਚਿੜੀਆਂ ਨੇ ਚੀਕਾ-ਰੌਲੀ ਪਾ ਦਿੱਤੀ। ਕੋਈ ਗੱਡਾ 'ਚੂੰ-ਚੂੰ' ਦਾ ਵਿਰਲਾਪ ਕਰਦਾ ਹੋਇਆ ਸੜਕ ਉੱਪਰ ਤੁਰਿਆ ਜਾ ਰਿਹਾ ਸੀ। ਅਚਾਨਕ ਆਬਿਦਾ ਉੱਠੀ ਤੇ ਦੱਬਵੇਂ ਪੈਰੀਂ ਤੁਰਦੀ ਹੋਈ ਕੱਪੜਿਆਂ ਵਾਲੀ ਅਲਮਾਰੀ ਕੋਲ ਜਾ ਖੜ੍ਹੀ ਹੋਈ¸ ਅਲਮਾਰੀ ਵਿਚੋਂ ਮਾਜਿਦ ਦੀ ਕਮੀਜ਼ ਕੱਢੀ, ਦੋਵਾਂ ਹੱਥਾਂ ਨਾਲ ਉਸਨੂੰ ਖੂਬ ਮਸਲਿਆ ਤੇ ਹੇਠਾਂ ਸੁੱਟ ਦਿੱਤੀ। ਫੇਰ ਕੋਟ, ਪਤਲੂਨ ਤੇ ਟਾਈ ਕੱਢੀ ਤੇ ਬੜੀ ਲਾਪ੍ਰਵਾਹੀ ਜਿਹੀ ਨਾਲ ਉਹਨਾਂ ਤਿੰਨਾਂ ਨੂੰ ਅੱਧੇ ਕੁਰਸੀ ਉੱਪਰ ਤੇ ਅੱਧੇ ਹੇਠਾਂ ਸੁੱਟ ਦਿੱਤਾ। ਦਰਾਜ ਵਿਚੋਂ ਇਕ ਸਿਗਰਟ ਤੇ ਲਾਈਟਰ ਕੱਢਿਆ। ਸਿਗਰਟ ਸੁਲਗਾਈ, ਮਾਜਿਦ ਵਾਲੇ ਪਾਸੇ ਦਾ ਲੈਂਪ ਆਨ ਕੀਤਾ ਤੇ ਸੁਲਗਦੀ ਹੋਈ ਸਿਗਰਟ ਨੂੰ ਐਸ਼ਟਰੇ ਦੀਆਂ ਬੁੱਲ੍ਹੀਆਂ ਉੱਪਰ ਰੱਖ ਦਿੱਤਾ। ਯਕਦਮ ਕਮਰੇ ਦਾ ਸੁੰਨਾਪਨ ਕਾਫ਼ੁਰ ਹੋ ਗਿਆ...ਤੇ ਆਬਿਦਾ ਬੜੇ ਆਰਾਮ ਨਾਲ, ਝੂਲਣ ਵਾਲੀ ਕੁਰਸੀ ਉੱਤੇ ਬੈਠ ਕੇ, ਮਾਜਿਦ ਦਾ ਸਵੈਟਰ ਬੁਨਣ ਲੱਗ ਪਈ।

ਕੰਮਨ ਬਜੀਆ (ਵੱਡੀ ਭੈਣ) ਦੀ ਸ਼ਾਦੀ ਵਿਚ, ਬਰਾਤੀਆਂ ਨਾਲ ਉੱਚੀ-ਉੱਚੀ ਹੱਸਦਿਆਂ, ਭਾਈ ਮਾਜਿਦ ਨੂੰ ਪਹਿਲੀ ਵਾਰੀ ਦੇਖਿਆ ਸੀ ਉਸਨੇ। ਉਹ, ਉਸਦੀ ਦੂਰ ਦੇ ਰਿਸ਼ਤੇ ਦੀ ਖਾਲਾ (ਮਾਸੀ) ਦੇ ਪੁੱਤਰ ਸਨ। ਦੇਖੇ ਨਹੀਂ ਸਨ, ਪਰ ਸੁਣਿਆ ਬੜਾ ਕੁਝ ਸੀ ਉਹਨਾਂ ਬਾਰੇ। ਬੜੇ ਹੀ ਫਲਰਟ ਕਿਸਮ ਦੇ ਬੰਦੇ ਨੇ, ਅਣਗਿਣਤ ਨਾਕਾਮ ਤੇ ਕਾਮਯਾਬ ਇਸ਼ਕ ਲੜਾ ਚੁੱਕੇ ਨੇ। ਹਰ ਸਾਲ ਸੁਣਨ ਵਿਚ ਆਉਂਦਾ, ਭਾਈ ਮਾਜਿਦ ਕਿਸੇ ਐਕਟਰੈਸ ਨਾਲ ਸ਼ਾਦੀ ਕਰ ਰਹੇ ਨੇ। ਫੇਰ ਸੁਣਦੇ¸ ਸ਼ਾਦੀ ਹੋ ਰਹੀ ਹੈ, ਪਰ ਕਿਸੇ ਦੋਸਤ ਦੀ ਤਲਾਕ ਸ਼ੁਦਾ ਪਤਨੀ ਨਾਲ। ਕਦੀ ਸੁਣਦੇ¸ ਇਕ ਲੇਡੀ ਡਾਕਟਰ ਉੱਪਰ ਮਿਹਰਬਾਨ ਹੋਏ ਹੋਏ ਨੇ, ਸਿਵਲ ਮੈਰਿਜ ਹੋਣ ਹੀ ਵਾਲੀ ਹੈ।...ਤੇ  ਉਹ ਸਕੂਲ ਟੀਚਰ ਜਿਸ ਨਾਲ ਡਾਢੀ ਫਰੈਂਡਸ਼ਿਪ ਸੀ, ਆਤਮ-ਹੱਤਿਆ ਕਰ ਲੈਣ ਦੀਆਂ ਧਮਕੀ ਦੇ ਰਹੀ ਹੈ। ਇਹ ਗੱਲਾਂ ਸੁਣ-ਸੁਣ ਕੇ ਭਾਈ ਮਾਜਿਦ ਦੀ ਸ਼ਖਸੀਅਤ, ਕਿਸੇ ਇੰਦਰ ਜਾਲ ਨਾਲੋਂ ਘੱਟ ਨਹੀਂ ਸੀ ਲੱਗਦੀ। ਕੁੜੀਆਂ ਮਜ਼ੇ ਲੈ-ਲੈ ਕੇ ਉਹਨਾਂ ਦੇ ਇਸ਼ਕ ਦੇ ਮਾਰ੍ਹਕਿਆਂ ਦੀ ਸਮੀਖਿਆ ਕਰਦੀਆਂ।
ਬਾਜੀ ਦੀ ਸ਼ਾਦੀ ਤੋਂ ਬਾਅਦ ਖਾਨਦਾਨੀ ਦਾਵਤਾਂ ਵਿਚ ਭਾਈ ਮਾਜਿਦ ਨੂੰ ਹੋਰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਯਕਦਮ ਯੁਸਫ਼ ਸਾਨੀ ਤਾਂ ਨਹੀਂ ਸਨ ਪਰ ਕੋਈ ਗੱਲ ਜ਼ਰੂਰ ਹੈ ਸੀ ਕਿ ਮਿਲਦਿਆਂ ਹੀ ਦਿਲ ਦੀਆਂ ਧੜਕਨਾਂ ਤੇਜ਼ ਹੋ ਜਾਂਦੀਆਂ ਸਨ ਤੇ ਮਨ ਅੰਦਰ ਕੁਤਕੁਤੀਆਂ ਜਿਹੀਆਂ ਹੋਣ ਲੱਗਦੀਆਂ ਸਨ। ਕਈ ਕੁੜੀਆਂ ਤਾਂ ਪੂਰੀ ਤਰ੍ਹਾਂ ਨਾਲ ਆਸ਼ਕ ਵੀ ਹੋ ਗਈਆਂ ਸਨ ਤੇ ਭਾਈ ਮਾਜਿਦ ਦੇ ਨਾਂ ਨਾਲ ਛੇੜੀਆਂ ਵੀ ਜਾਂਦੀਆਂ ਸਨ।
“ਅੱਛਾ, ਤਾਂ ਤੁਸੀਂ ਓ ਆਬਿਦਾ!” ਮਿਲਦਿਆਂ ਹੀ ਫਿਕਰਾ ਉਛਾਲਿਆ ਸੀ ਉਹਨਾਂ ਨੇ।
“ਜੀ, ਕੋਈ ਸ਼ਿਕਾਇਤ ਦਰਜ ਕਰਵਾਈ ਗਈ ਏ ਮੇਰੇ ਖ਼ਿਲਾਫ਼ ਤੁਹਾਡੇ ਕੋਲ?” ਉਸਨੇ ਵੀ ਅੱਗਾ ਵਲ਼ ਲਿਆ ਸੀ।
“ਆ¸ ਨਹੀਂ, ਸ਼ਿਕਾਇਤ ਤਾਂ ਨਹੀਂ। ਵੈਸੇ ਇੰਜ ਮੈਂ ਕਦੋਂ ਆਖਿਐ?”
“ਵੈਸੇ ਪੁੱਛਿਆ ਤਾਂ ਤੁਸੀਂ ਕੁਛ ਏਸੇ ਤਰ੍ਹਾਂ ਸੀ।”
“ਬਈ ਵਾਹ¸ ਤੁੱਕਾ ਸੋਹਣਾ ਲਾ ਲੈਂਦੇ ਓ!”
“ਜੀ, ਸ਼ੁਕਰੀਆ!” ਤੇ ਉਹ ਬੜੀ ਤੇਜ਼ੀ ਨਾਲ ਮੁੜ ਕੇ ਖਾਲਾ ਬੇਗ਼ਮ ਦਾ ਹੱਥ ਵੰਡਾਉਣ ਖਾਤਰ ਡਾਇਨਿੰਗ-ਰੂਮ ਵਿਚ ਚਲੀ ਗਈ ਸੀ। ਉਸ ਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਹਦਾ ਦਿਲ ਵੀ ਬਿਨਾਂ ਗੱਲੋਂ ਏਨੇ ਜ਼ੋਰ-ਸ਼ੋਰ ਨਾਲ ਧੜਕਨ ਲੱਗ ਪਿਆ ਸੀ।
“ਏ-ਬੀ¸ ਇਹਨਾਂ ਖੀਰ ਵਾਲੇ ਪਿਆਲਿਆਂ ਉੱਪਰ ਪਿਸਤੇ ਦੀ ਕੁਤਰਨ ਤਾਂ ਬਰੂਰ ਦੇ ਜ਼ਰਾ। ਇਹ ਕੁੜੀਆਂ ਕੰਬਖ਼ਤ ਤਾਂ ਖ਼ੁਦਾ ਜਾਨੇ...ਪਤਾ ਨਹੀਂ ਕੀ ਕਲਾਕਾਰੀ ਘੋਟਣ ਡਹੀਆਂ ਨੇ।” ਖਾਲਾ ਬੇਗ਼ਮ ਨੇ ਪਿਆਜ ਤੇ ਲੱਛੇ, ਸੀਖ-ਕਬਾਬ ਦੀ ਡਿੱਸ਼ ਉੱਪਰ ਸਜਾਂਦਿਆਂ ਹੋਇਆਂ ਕਿਹਾ।
ਆਬਿਦਾ ਨੇ ਦੇਖਿਆ ਚਾਰ-ਪੰਜ ਕੁੜੀਆਂ ਖੀਰ ਦੇ ਪਿਆਲਿਆਂ ਉੱਪਰ ਪਿਸਤੇ ਦੀ ਕੁਤਰਣ ਨਾਲ ਬਾਜੀ ਤੇ ਉਸਦੇ ਦੂਹਲੇ ਮੀਆਂ ਦਾ ਨਾਂ ਲਿਖਣ ਵਿਚ ਰੁੱਝੀਆਂ ਹੋਈਆਂ ਸਨ। ਉਹ ਝੁਕ ਕੇ ਪੜ੍ਹਨ ਲੱਗੀ, ਸ਼ਬਾਨਾ ਨੇ ਸ਼ਰਾਰਤ ਵਜੋਂ ਉਸ ਦੇ ਬੁੱਲ੍ਹਾਂ ਉੱਪਰ ਚਾਂਦੀ ਦਾ ਵਰਕ ਲਾ ਦਿੱਤਾ। ਸ਼ਬਾਨਾ ਭਾਈ ਮਾਜਿਦ ਦੀ ਛੋਟੀ ਭੈਣ ਸੀ¸ ਮੋਈ ਹਰੇਕ ਕੁੜੀ ਨੂੰ ਭਾਬੀ ਆਖ ਕੇ ਚਿੜਾਉਂਦੀ ਹੁੰਦੀ ਸੀ।
ਖਾਣਾ ਖਾਂਦਿਆਂ ਉਹ ਭਾਈ ਮਾਜਿਦ ਕੋਲੋਂ ਲੰਘੀ ਤਾਂ ਉਹਨਾਂ ਵਾਕ ਉਛਾਲਿਆ...:
“ਦੂਜਿਆਂ ਦੀ ਖਾਤਰ ਕਰਨ ਦੇ ਬਹਾਨੇ ਲੋਕ ਖ਼ੁਦ ਤਰ-ਮਾਲ ਉਡਾਅ ਰਹੇ ਨੇ ...”
“ਅੱਛਾ...ਤਾਂ ਤੁਸੀਂ ਜੋਤਿਸ਼ ਵੀ ਲਾ ਲੈਂਦੇ ਓ? ਜਾਂ ਫੇਰ ਐਨਕਾਂ ਵਿਚ ਐਕਸਰੇ ਮਸ਼ੀਨ ਲੱਗੀ ਹੋਈ ਏ ਬਈ ਪੇਟ ਦੇ ਅੰਦਰ ਦਾ ਦ੍ਰਿਸ਼ ਦਿਸ ਪੈਂਦਾ ਏ?” ਉਸਨੇ ਕੁਸੈਲ-ਜਿਹੀ ਨਾਲ ਕਿਹਾ ਸੀ¸ ਪਰ  ਦਿਲ ਕੰਬਖ਼ਤ ਸੀ ਕਿ ਫੇਰ ਤੇਜ਼-ਤੇਜ਼ ਧੜਕਣ ਲੱਗ ਪਿਆ ਸੀ।
“ਵੈਸੇ ਪੇਟ ਦਾ ਐਕਸਰਾ ਕਰਨ ਦੀ ਲੋੜ ਨਹੀਂ, ਬੁੱਲ੍ਹ ਹੀ ਏਸ ਗੱਲ ਦੀ ਗਵਾਹੀ ਦੇ ਰਹੇ ਨੇ।” ਚੁੜੈਲ ਸ਼ਬਾਨਾ ਖਿੜ-ਖਿੜ ਕਰਦੇ ਹੱਸ ਪਈ ਸੀ ਤੇ ਪੂੰਝ ਲੈਣ ਪਿੱਛੋਂ ਵੀ ਬੁੱਲ੍ਹਾਂ ਉੱਪਰ ਚਾਂਦੀ ਦੇ ਵਰਕ ਦੀ ਹੋਂਦ ਬਾਕੀ ਸੀ।
ਤੇ ਫੇਰ ਜਦੋਂ ਉਸਦੀ ਨਿਗਾਹ ਭਾਈ ਮਾਜਿਦ ਦੇ ਸਾਹਮਣੇ ਪਏ ਖੀਰ ਵਾਲੇ ਪਿਆਲੇ ਉੱਪਰ ਪਈ ਤਾਂ ਉਸਦੀ ਜਾਨ ਹੀ ਨਿਕਲ ਗਈ 'ਆਬਿਦਾ-ਮਾਜਿਦ' ਪਿਸਤੇ ਦੀ ਕੁਤਰਨ ਨਾਲ ਲਿਖਿਆ ਹੋਇਆ ਸੀ।
ਉਸਨੇ ਚਾਹਿਆ ਪਿਆਲਾ ਬਦਲ ਦਏ, ਪਰ ਹੱਥ ਵਧਾਇਆ ਤਾਂ ਮਾਜਿਦ ਨੇ ਟੋਕ ਦਿੱਤਾ...:
“ਜੀ, ਇਹ ਮੇਰੇ ਹਿੱਸੇ ਦਾ ਏ।”
“ਮੈਂ-ਮੈਂ¸ ਦੂਸਰਾ ਲਿਆ ਦੇਂਦੀ ਆਂ।” ਉਹ ਖਾਸੀ ਘਬਰਾ ਗਈ ਸੀ, 'ਜੇ ਅੰਮੀ ਨੇ ਦੇਖ ਲਿਆ ਜਾਂ ਕਿਸੇ ਹੋਰ ਬਜ਼ੁਰਗ ਦੀ ਨਿਗਾਹ ਪੈ ਗਈ ਤਾਂ ਕਿਆਮਤ ਹੀ ਆ ਜਾਏਗੀ।'
“ਕਿਉਂ, ਏਸ 'ਚ ਕੀ ਖਰਾਬੀ ਏ?”
“ਕੁੱਛ ਨਹੀਂ¸ਮੈਂ।” ਉਸਨੇ ਕਾਹਲ ਨਾਲ, ਪੂਰੇ ਪੰਜੇ ਹੇਠ, ਪਿਆਲਾ ਢਕ ਦਿੱਤਾ।
“ਤਾਂ ਫੇਰ ਛੱਡੋ ਮੇਰਾ ਪਿਆਲਾ।” ਮਾਜਿਦ ਦੀਆਂ ਪੰਜੇ ਉਂਗਲਾਂ ਉੱਪਰ ਸਵਾਰ ਹੋ ਗਈਆਂ ਸਨ¸ ਆਬਿਦਾ ਨੇ ਝਿਜਕ ਕੇ ਝੱਟ ਹੱਥ ਪਿੱਛੇ ਖਿੱਚ ਲਿਆ ਸੀ।
“ਓ-ਅ¸”
ਭਾਈ ਮਾਜਿਦ ਨੂੰ ਪਿਆਲੇ ਦੇ ਭੇਦ ਦਾ ਪਤਾ ਲੱਗਾ ਤਾਂ ਉਹ ਕੰਨਾਂ ਤਕ ਲਾਲ ਹੋ ਗਏ; ਤੇ ਆਬਿਦਾ ਬੱਗੀ-ਫੂਸ ਹੋ ਗਈ। ਉਹ ਕਾਹਲ ਨਾਲ ਮੁੜੀ ਤੇ ਗਲਾਸਾਂ ਵਿਚ ਪਾਣੀ ਪਾਉਣ ਲੱਗ ਪਈ।
ਪਿੱਛੋਂ ਉਹ ਬੜਾ ਹੱਸਦੇ ਹੁੰਦੇ ਸਨ, ਪਰ ਉਸ ਦਿਨ ਉਸਨੇ ਸ਼ਬਾਨਾ ਦੀ ਉਹ ਗਤ ਬਣਾਈ ਸੀ ਕਿ ਰੋਂਦਿਆਂ-ਰੋਂਦਿਆਂ ਮੂੰਹ ਸੁੱਜ ਗਿਆ ਸੀ ਮੋਈ ਦਾ; ਨਾਲੇ ਭਾਈ ਮਾਜਿਦ ਨੂੰ ਵੀ ਉਹ ਧੋਬੀ ਪਟਕੇ ਲੁਆਏ ਸਨ ਕਿ ਯਾਦ ਹੀ ਕਰਦੇ ਹੋਣਗੇ।...ਤੇ ਸ਼ਬਾਨਾ ਲੁਤਰੀ ਨੇ ਰੋ-ਰੋ ਕੇ ਸਾਰਾ ਕੁਝ ਆਪਣੇ ਭਰਾ ਨੂੰ ਜਾ ਦੱਸਿਆ ਸੀ।
“ਸ਼ਬਾਨਾ ਨੂੰ ਰੁਆ ਕੇ ਭਲਾ ਤੁਹਾਨੂੰ ਕੀ ਮਿਲਿਆ? ਮੇਰੇ ਨਾਲ ਨਫ਼ਰਤ ਜਾਹਰ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਸਨ। ਵੈਸੇ ਜਾਹਰ ਕਰਨ ਦੀ ਤਕਲੀਫ਼ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ, ਮੈਂ ਏਨਾ ਬੁੱਧੂ ਨਹੀਂ ਕਿ...” ਉਹਨਾਂ ਕਿਸੇ ਹੋਰ ਦਾਵਤ ਵਿਚ ਉਸਨੂੰ ਘੇਰ ਲਿਆ ਸੀ।
“ਉਹ¸ ਮੈਂ ਗੁੱਸੇ ਵਿਚ ਸੀ,” ਉਸਨੂੰ ਗੁੱਸਾ ਆ ਰਿਹਾ ਕਿ ਉਸ ਦਿਨ ਸ਼ਬਾਨਾ ਉੱਪਰ ਉਸਨੂੰ ਓਨਾ ਗੁੱਸਾ ਕਿਉਂ ਆਇਆ ਸੀ!
“ਉਹ ਨਿਆਣੀ ਏਂ, ਸਮਝਦੀ ਏ ਜਿਵੇਂ ਉਹ ਆਪਣੇ ਭਰਾ ਉੱਤੇ ਜਾਨ ਦਿੰਦੀ ਏ, ਹੋਰ ਸਭ ਵੀ ਉਸੇ ਤਰ੍ਹਾਂ ਕਰਦੇ ਹੋਣਗੇ। ਤੁਸੀਂ ਉਸਨੂੰ ਪਸੰਦ ਓ, ਬਹੁਤ ਈ ਜ਼ਿਆਦਾ ਪਸੰਦ! ਆਪਣੀ ਅਕਲ ਅਨੁਸਾਰ ਉਸਨੇ ਬੜੀ ਦਿਲਚਸਪ ਸ਼ਰਾਰਤ ਕੀਤੀ ਹੋਏਗੀ¸ ਤੇ ਉਸ ਵਿਚਾਰੀ ਦੇ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਹੋਣਾ ਕਿ ਇੰਜ ਉਹ ਤੁਹਾਨੂੰ ਏਡੀ ਵੱਡੀ ਗਾਲ੍ਹ ਦੇ ਰਹੀ ਏ।”
“ਮੈਂ-ਮੈਨੂੰ ਅਫ਼ਸੋਸ ਏ, ਪਤਾ ਨਹੀਂ ਕਿਉਂ ਮੇਰੀ ਜੀਭ ਸੜ ਗਈ ਸੀ ਤੇ ਮੈਂ ਵਿਚਾਰੀ ਨੂੰ ਫਿਟਕਾਰਣ ਬੈਠ ਗਈ ਸਾਂ।” ਆਬਿਦਾ ਦਾ ਜੀਅ ਚਾਹਿਆ¸ ਡੁੱਬ ਮਰੇ। ਇਹ ਸਭ ਹੋ ਕੀ ਰਿਹਾ ਸੀ?
“ਸੁਣਨਾ¸” ਉਹ ਤੁਰਨ ਲੱਗੀ ਤਾਂ ਭਾਈ ਮਾਜਿਦ ਨੇ ਉਸਨੂੰ ਰੋਕ ਕੇ ਪੁੱਛਿਆ, “ਕੋਈ ਤੁਹਾਨੂੰ ਕਿਸੇ ਬਾਰੇ ਕੁਛ ਵੀ ਕਹਿ ਦਏ, ਤੁਸੀਂ ਉਸ ਗੱਲ ਦੀ ਪੁੱਛ-ਪੜਤਾਲ ਕੀਤੇ ਬਿਨਾਂ ਹੀ ਉਸ 'ਤੇ ਵਿਸ਼ਵਾਸ ਕਰ ਲੈਂਦੇ  ਓ...?”
“ਨਹੀਂ।”
“ਫੇਰ ਤੁਸੀਂ ਉਸਨੂੰ ਤਾਅਨੇ ਕਿਸ ਲਈ ਦਿੱਤੇ?”
“ਮੈਂ¸ ਪਤਾ ਨਹੀਂ ਉਦੋਂ ਕੀ ਹੋ ਗਿਆ ਸੀ ਮੈਨੂੰ...ਮੈਂ, ਉਸ ਤੋਂ ਮੁਆਫ਼ੀ ਮੰਗ ਲਵਾਂਗੀ।”
“ਤੇ ਜ਼ਰਾ ਮੈਥੋਂ ਮੁਆਫ਼ੀ ਮੰਗਣ ਦੀ ਮਹੱਤਤਾ 'ਤੇ ਵੀ ਗੌਰ ਕਰਨਾ। ਜੇ ਕੋਈ ਤੁਹਾਡੇ ਬਾਰੇ ਇਹੋ ਜਿਹੀਆਂ ਵਾਹਯਾਤ ਗੱਲਾਂ ਕਹਿੰਦਾ ਤਾਂ ਖ਼ੁਦਾ ਦੀ ਸਹੁੰ, ਮੈਂ ਕਦੀ ਯਕੀਨ ਨਾ ਕਰਦਾ।”
“ਕਿਉਂ ਯਕੀਨ ਨਾ ਕਰਦੇ? ਤੁਹਾਨੂੰ ਕੀ ਪਤਾ ਕਿ...”
“ਮੈਂਨੂੰ ਪਤਾ ਏ।”
“ਕੀ ਪਤਾ ਏ?”
“ਤੁਹਾਡੇ ਬਾਰੇ ਕਾਫੀ ਕੁਛ ਜਾਣਦਾ ਆਂ ਮੈਂ, ਮੇਰੀ ਭੈਣ ਆਪਣੇ ਹਰ ਖ਼ਤ ਵਿਚ ਮੈਨੂੰ ਤੁਹਾਡੀ ਹਰੇਕ ਗੱਲ ਲਿਖ ਦੇਂਦੀ ਏ। ਏਥੋਂ ਤੀਕ ਕਿ ਫਲਾਣੇ ਦਿਨ ਤੁਸੀਂ ਫਲਾਣੇ-ਫਲਾਣੇ ਕੱਪੜੇ ਪਾਏ ਹੋਏ ਸਨ।”
“ਓ-ਅ¸” ਆਬਿਦਾ ਨੂੰ ਫੇਰ ਗੁੱਸਾ ਚੜ੍ਹਨ ਲੱਗ ਪਿਆ...ਪਰ ਸਿਰਫ ਆਪਣੇ ਆਪ ਉੱਤੇ।
“ਅੱਛਾ, ਤਾਂ ਇਹ ਦੱਸੋ ਬਈ ਆਵਾਰਾ, ਬਦਮਾਸ਼ ਤੇ ਲਫੰਗਾ ਹੋਣ ਤੋਂ ਬਿਨਾਂ ਹੋਰ ਕੀ-ਕੀ ਐਬ ਨੇ ਮੇਰੇ ਵਿਚ?”
“ਕੋਈ ਨਹੀਂ।” ਉਸਨੇ ਮਰੀ ਜਿਹੀ ਆਵਾਜ਼ ਵਿਚ ਕਿਹਾ। ਭਾਈ ਮਾਜਿਦ ਤੇਜ਼ੀ ਨਾਲ ਮੁੜ ਕੇ ਹੋਰ ਲੋਕਾਂ ਨਾਲ ਗੱਲਾਂ ਕਰਨ ਲੱਗ ਪਏ।
ਫੇਰ ਭਾਈ ਮਾਜਿਦ ਚਲੇ ਗਏ। ਅੰਮੀ ਨੂੰ ਸਲਾਮ ਕਰਨ ਆਏ; ਉਸਨੂੰ ਮਿਲੇ ਤੱਕ ਨਹੀਂ। ਉਹ ਅੰਦਰਲੇ ਕਮਰੇ ਵਿਚ ਸੀ, ਪਰ ਉਹਨਾਂ ਉਸ ਬਾਰੇ ਪੁੱਛਿਆ ਤਕ ਨਹੀਂ।
ਤੇ ਇਕ ਹਫ਼ਤੇ ਦੇ ਅੰਦਰ-ਅੰਦਰ ਉਹਨਾਂ ਵੱਲੋਂ ਸ਼ਾਦੀ ਦਾ ਪੈਗ਼ਾਮ ਆ ਗਿਆ। ਬਾਜੀ ਨੇ ਦੱਸਿਆ ਕਿ ਉਸ ਦੀ ਮਰਜ਼ੀ ਪੁੱਛੀ ਗਈ ਹੈ, ਅੰਮੀ ਵੱਲੋਂ ਤਾਂ ਹਾਂ ਹੈ।
“ਫੇਰ ਮੇਰੀ ਮਰਜ਼ੀ ਪੁੱਛਣ ਦੀ ਕੀ ਲੋੜ ਏ?”
“ਐਵੇਂ ਈ, ਰਸਮ ਜੋ ਹੋਈ।”
“ਤੇ ਜੇ ਮੈਂ ਇਨਕਾਰ ਕਰ ਦਿਆਂ, ਫੇਰ?”
“ਏ-ਹੇ! ਝੱਲੀ ਹੋਈ ਹੋਈ ਏਂ ਕਿ...! ਏਨਾ ਚੰਗਾ ਮੁੰਡਾ।”
“ਹੋਵੇ ਪਿਆ¸ ਜੇ ਮੈਨੂੰ ਪਸੰਦ ਨਾ ਹੋਵੇ ਫੇਰ?”
“ਏ ਚਲ ਪਰ੍ਹੇ, ਐਵੇਂ ਨਾ ਬਣ...ਸਾਥੋਂ ਉੱਡਣ ਡਈ ਏਂ; ਮੂੰਹੋਂ ਬਕ-ਬਕ ਕਰੀ ਜਾਨੀ ਏਂ, ਜ਼ਰਾ ਸ਼ੀਸ਼ਾ ਚੁੱਕ ਕੇ ਸ਼ਕਲ ਤਾਂ ਦੇਖ ਆਪਣੀ...ਦਿਲ ਦਾ ਸ਼ੀਸ਼ਾ ਬਣੀ ਹੋਈ ਏ।”
ਨਿਰ-ਉੱਤਰ ਜਿਹੀ ਹੋ ਕੇ ਉਹ ਉੱਚੀ-ਉੱਚੀ ਰੋਣ ਲੱਗ ਪਈ ਸੀ।
“ਏ-ਬੀ, ਝੱਲੀ ਨਾ ਬਣ। ਏਸ 'ਚ ਖਰਾਬੀ ਕੀ ਏ ਭਲਾ, ਦਿਲ ਈ ਤਾਂ ਦਿੱਤਾ ਏ¸ ਖ਼ੁਦਾ ਨਾ ਕਰੇ¸ ਕੋਈ ਇੱਜਤ ਤਾਂ ਨਹੀਂ ਨਾ ਦਿੱਤੀ।”
“ਬਾਜੀ ਮੈਨੂੰ ਡਰ ਲੱਗਦਾ ਪਿਆ ਏ।”
ਕਿਉਂ?”
“ਪਤਾ ਨਹੀਂ।”
“ਐਵੇਂ ਕਮਲ ਨਾ ਮਾਰ। ਨਾਲੇ ਕੱਲ੍ਹ ਈ ਤਾਂ ਸ਼ਾਦੀ ਨਹੀਂ ਹੋਣ ਲੱਗੀ।...ਮਾਜਿਦ ਮੀਆਂ ਨੇ ਤੈਨੂੰ ਖ਼ਤ ਲਿਖਣ ਦੀ ਇਜਾਜ਼ਤ ਮੰਗੀ ਏ।”
“ਪਰ ਬਈ, ਦੂਰੋਂ ਖ਼ਤ ਲਿਖਣ-ਲਿਖਾਣ ਨਾਲ ਕੀ ਪਤਾ ਲੱਗਦੈ?”
“ਏ-ਬੀ¸ ਹੋਰ ਕੀ 'ਸ਼ਿੱਪ' ਭਿੜਾਉਣ ਦੀ ਇਜਾਜ਼ਤ ਚਾਹੀਦੀ ਏ? ਏ, ਤੂੰ ਤਾਂ ਏਡੀ ਖੁਸ਼ਨਸੀਬ ਏਂ ਕਿ ਗੱਲਾਂ ਕਰਨ ਦਾ ਮੌਕਾ ਵੀ ਮਿਲਿਆ ਏ...ਮੈਂ ਤੇਰੇ ਦੂਹਲੇ-ਭਾਈ ਦੀ ਇਕ ਝਲਕ ਮੱਝਾਂ ਵਾਲੇ ਕੋਠੇ 'ਚੋਂ ਦੇਖੀ ਸੀ, ਤੇ ਅੱਲਾ ਕਸਮ ਉਸ ਇਕੋ ਝਲਕ ਨੇ ਛੱਕੇ ਛੁਡਾਅ ਦਿੱਤੇ ਸੀ ਮੇਰੇ! ਦਿਨ ਰਾਤ ਇਹੀ ਲੱਗਦਾ ਸੀ, ਉਹ ਆਏ ਨੇ...ਬੈਠੇ ਤੱਕੀ ਜਾ ਰਹੇ ਨੇ...ਅੱਖਾਂ ਹੀ ਅੱਖਾਂ ਵਿਚ ਛੇੜਦੇ ਪਏ ਨੇ¸ ਤੌਬਾ!”
ਤੇ ਬਾਜੀ ਖਿੜ-ਖਿੜ ਹੱਸਦੀ ਹੋਈ ਤੁਰ ਗਈ ਸੀ।

'ਦਿਲ-ਫੈਂਕ ਭਾਵੇਂ ਹਾਂ, ਪਰ ਇਸ ਗੱਲ ਦਾ ਯਕੀਨ ਕਰਨਾ ਕਿ ਇਸ ਦਿਲ ਨੂੰ ਅਜੇ ਤਕ ਕਿਸੇ ਨੇ ਕੈਚ ਨਹੀਂ ਕੀਤਾ।' ਮਾਜਿਦ ਨੇ ਆਪਣੇ ਖ਼ਤ ਵਿਚ ਲਿਖਿਆ, 'ਤੇ ਇਹ ਭਰੋਸਾ ਵੀ ਨਹੀਂ ਦਿਵਾਂਦਾ ਕਿ ਤੁਹਾਡੇ ਨਾਲ ਸ਼ਾਦੀ ਕਰ ਲੈਣ ਪਿੱਛੋਂ ਪ੍ਰਹੇਜ਼ਗਾਰ  (ਵੈਸ਼ਨੂੰ) ਜਾਂ ਸਿਰਫ ਪਤਨੀ-ਵਰਤਾ ਬਣ ਜਾਵਾਂਗਾ। ਇਹ ਫ਼ੈਸਲਾ ਤੁਹਾਨੂੰ ਕਰਨਾ ਪਏਗਾ ਕਿ ਤੁਸੀਂ ਆਪਣੀ ਚੀਜ਼ ਕਿਸੇ ਹੋਰ ਨੂੰ ਦੇਣ ਦਿਓਗੇ ਜਾਂ ਨਹੀਂ!'
ਮੈਂ ਦਿਲ ਨੂੰ ਲੈਣ ਜਾਂ ਦੇਣ ਵਾਲੀ ਸ਼ੈ ਨਹੀਂ ਸਮਝਦੀ। ਦਿਲ ਕੁਝ ਵੀ ਹੋਵੇ ਤੁਹਾਡੀ ਮਲਕੀਅਤ ਹੀ ਰਹੇਗਾ। ਤੁਸੀਂ ਜਿੱਥੇ ਚਾਹੋ ਦਿੰਦੇ-ਲੈਂਦੇ ਫਿਰੋ¸ ਪਰ ਮੈਂ ਇਸ ਮਾਮਲੇ ਵਿਚ ਤੁਹਾਡੀ ਸਾਂਝੀਵਾਲ ਨਹੀਂ ਹੋਵਾਂਗੀ।' ਆਬਿਦਾ ਨੇ ਜੁਆਬ ਦਿੱਤਾ ਸੀ।
'ਬਈ ਬੜੀ ਵੱਡੀ ਘੁੰਡੀ ਫੜੀ ਬੈਠੇ ਓ...ਇਸ ਦਾ ਇਹ ਮਤਲਬ ਹੋਇਆ ਕਿ ਸਾਡੀ ਸ਼ਾਦੀ ਨਹੀਂ ਹੋ ਸਕਦੀ?' ਮਾਜਿਦ ਨੇ ਲਿਖਿਆ ਸੀ।
ਨਹੀਂ, ਇਸ ਦਾ ਇਹ ਮਤਲਬ ਨਹੀਂ।' ਤੇ ਆਬਿਦਾ ਨੇ ਖਾਸੀ ਸੋਚ-ਵਿਚਾਰ ਪਿੱਛੋਂ ਇਹ ਉਤਰ ਦਿੱਤਾ ਸੀ।

ਸ਼ਾਦੀ ਤੋਂ ਬਾਅਦ ਆਬਿਦਾ ਨੂੰ ਅਹਿਸਾਸ ਹੋਇਆ ਕਿ ਜਿਹੜਾ ਖ਼ਤਾਂ ਰਾਹੀਂ ਜਿੱਤ ਸਕਦਾ ਹੈ, ਜਦੋਂ ਉਹ ਸਾਹਮਣੇ ਹੋਏ ਤਾਂ ਕੋਈ ਕਿੰਨਾਂ ਬੇਵੱਸ ਤੇ ਅਪਾਹਜ ਜਿਹਾ ਮਹਿਸੂਸ ਕਰਦਾ ਹੈ! ਉਸਨੇ ਕਦੀ ਕਿਸੇ ਹੋਰ ਮਰਦ ਦੀ ਮੁਹੱਬਤ ਤਾਂ ਕੀ, ਇਸ ਵਿਚਾਰ ਨੂੰ ਵੀ ਦਿਲ 'ਚ ਜਗ੍ਹਾ ਨਹੀਂ ਸੀ ਦਿੱਤੀ। ਮਾਜਿਦ ਦੇ ਇਸ਼ਕ ਵਿਚ ਉਸਨੂੰ ਖ਼ੁਦਾ ਦਾ ਰੂਪ ਦਿਖਾਈ ਦਿੱਤਾ। ਦੋਹਾਂ ਹੱਥਾਂ ਨਾਲ ਉਸਨੇ ਆਪਣੀ ਦੁਨੀਆਂ ਸਮੇਟ ਕੇ ਉਸਦੀ ਝੋਲੀ ਵਿਚ ਪਾ ਦਿੱਤੀ¸ ਪਰ ਔਰਤ ਦੇ ਸਵੈਮਾਨ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਕਦੀ ਮਾਜਿਦ ਨੂੰ ਘਰ ਆਉਣ ਵਿਚ ਜ਼ਰਾ ਦੇਰ ਹੋ ਜਾਂਦੀ ਤਾਂ ਉਹ ਬੇਚੈਨ, ਸਿੱਜਲ ਅੱਖਾਂ ਨਾਲ ਬੂਹੇ ਵੱਲ ਤੱਕਦੀ ਰਹਿੰਦੀ।...ਤੇ ਜਦੋਂ ਉਹ ਆ ਜਾਂਦਾ ਤਾਂ ਆਪਣੇ ਦਿਲ ਦੀਆਂ ਧੜਕਣਾ ਨੂੰ ਮਸਲ ਕੇ ਬੜੀ ਲਾਪ੍ਰਵਾਹੀ-ਜਿਹੀ ਨਾਲ ਕਿਸੇ ਫ਼ਜੂਲ ਜਿਹੇ ਕੰਮ ਵਿਚ ਰੁੱਝ ਜਾਂਦੀ। ਕਦੀ ਭਾਵੁਕ ਹੋ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਸਮੇਟ ਲੈਣ ਦੀ ਕੋਸ਼ਿਸ਼ ਕਰਦਾ ਤਾਂ, ਆਪਣੇ ਆਪ ਉੱਪਰ ਕਾਬੂ ਰੱਖ ਕੇ, ਉਸਦੇ ਜੋਸ਼ ਉੱਪਰ ਠੰਡੇ ਪਾਣੀ ਦੇ ਛਿੱਟੇ ਤਰੌਂਕ ਦੇਂਦੀ।
“ਅਹਿ-ਅਹਿ ਕਾਲੀਨ ਤਾਂ ਦੇਖੋ, ਠੀਕ ਏ ਨਾ?” ਤੇ ਮਾਜਿਦ ਕਾਲੀਨ ਵੱਲ ਦੇਖਣ ਲੱਗ ਪੈਂਦਾ। ਏਨੇ ਵਿਚ ਉਸਦਾ ਜੋਸ਼ ਠੰਡਾ ਹੋ ਜਾਂਦਾ। ਉਹ, ਉਸਨੂੰ ਪਿਆਰ ਵੱਲ ਝੁਕਣ ਦੇ ਘੱਟ ਤੋਂ ਘੱਟ ਮੌਕੇ ਦੇਣ ਦੀ ਮਾਰੀ, ਬੜੀਆਂ ਖੁਸ਼ਕ ਆਰਥਕ ਤੇ ਰਾਜਨੀਤਕ ਸਮੱਸਿਆਵਾਂ ਵਿਚ ਉਲਝਾ ਦੇਂਦੀ।
ਹੋਰ ਤਾਂ ਹੋਰ, ਉਹ ਇਸ ਡਬਲ-ਬੈੱਡ ਉੱਤੇ ਵੀ ਬਹਿਸਬਾਜੀ ਦਾ ਖਹਿੜਾ ਨਹੀਂ ਸੀ ਛੱਡਦੀ ਹੁੰਦੀ। ਅਸਲ ਵਿਚ ਉਹ ਉਸ ਤੋਂ ਡਰਦੀ ਸੀ ਤੇ ਉਹਨੂੰ ਇਕ ਔਰਤ-ਖੋਰ-ਮਰਦ ਸਮਝਦੀ ਸੀ।
ਉਹ ਅਕਸਰ ਸੋਚਦੀ¸ ਜੇ  ਉਸਨੇ ਆਪਣਾ ਤਨ, ਮਨ ਸਭੇ ਕੁਝ ਉਸਨੂੰ ਸੌਂਪ ਦਿੱਤਾ ਤੇ ਉਹ ਉਸ ਨਾਲ ਦਗ਼ਾ ਕਰ ਗਿਆ ਤਾਂ ਉਹ ਕੱਖ ਦੀ ਨਹੀਂ ਰਹੇਗੀ ਤੇ ਸ਼ਾਇਦ ਜਿਉਂਦੀ ਵੀ ਨਹੀਂ ਰਹਿ ਸਕੇਗੀ। ਇਸ ਲਈ ਉਹ ਹਰ ਵੇਲੇ ਉਸਨੂੰ ਇਹੀ ਜਤਾਉਂਦੀ ਰਹਿੰਦੀ ਕਿ ਦੁਨੀਆਂ ਵਿਚ ਹੋਰਨਾਂ ਕੰਮਾਂ ਤੇ ਚੀਜ਼ਾਂ ਵਿਚ ਵੀ ਉਸਦੀ ਰੂਚੀ ਹੈ; ਉਹ ਸਿਰਫ ਏਸੇ ਕੰਮ ਲਈ ਵਿਹਲੀ ਨਹੀਂ।
ਪਰ ਇਕ ਘਟਨਾ ਨੇ ਉਸਦੀ ਇਸ ਰੂਚੀ ਤੇ ਨੀਤੀ ਨੂੰ ਚੂਰ-ਚੂਰ ਕਰ ਦਿੱਤਾ। ਹੋਇਆ ਉਹੀ ਜਿਸਦਾ ਉਸਨੂੰ ਡਰ ਸੀ। ਉਹ ਮਾਜਿਦ ਦੇ ਅਤੀਤ ਨੂੰ ਭੁੱਲ ਜਾਣਾ ਚਾਹੁੰਦੀ ਸੀ, ਪਰ ਉਹ ਅੱਗੇ ਆ ਕੇ ਉਸਦੀ ਹਿੱਕ ਉੱਤੇ ਸਵਾਰ ਹੋ ਗਿਆ।
ਇਕ ਦਿਨ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਕੀਤਾ ਕਿ 'ਮਾਜਿਦ ਨੂੰ ਤੁਰੰਤ ਹਸਪਤਾਲ ਭੇਜ ਦਿਓ, ਕਮਰਾ ਨੰਬਰ 6 ਵਿਚ... ਉਸਦੀ ਬੀਵੀ ਦੇ ਬੱਚਾ ਹੋਇਆ ਹੈ। ਬੱਚਾ ਠੀਕ-ਠਾਕ ਹੈ, ਪਰ ਜੱਚਾ ਆਖਰੀ ਸਾਹਾਂ 'ਤੇ ਹੈ... ਜੇ.ਜੇ. ਹਸਪਤਾਲ ਪਹੁੰਚੇ।'
ਮਾਜਿਦ ਘਰ ਪਹੁੰਚਿਆ ਤਾਂ ਆਬਿਦਾ ਦੀ ਹਾਲਤ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਹ ਟੈਲੀਫ਼ੋਨ ਕੋਲ ਬੈਠੀ ਹੋਈ ਸੀ। ਅਜੇ ਤਾਂ ਉਸ ਦੇ ਵਿਆਹ ਦੀ ਮਹਿੰਦੀ ਦੀ ਚਮਕ ਵੀ ਮੱਠੀ ਨਹੀਂ ਸੀ ਪਈ ਪਰ ਉਸਦਾ ਜਿਸਮ ਨਿਢਾਲ ਦੇ ਰੰਗ ਬੱਗਾ-ਫੂਸ ਹੋਇਆ ਹੋਇਆ ਸੀ।
“ਤੇਰੀ ਬੀਵੀ ਦੇ ਬੱਚਾ ਹੋਇਆ ਏ...” ਉਹ ਮੁਸਕਰਾਈ।
“ਕੀ? ਸ਼ਾਦੀ ਨੂੰ ਤਾਂ ਅਜੇ ਦੋ ਮਹੀਨੇ ਵੀ ਨਹੀਂ ਹੋਏ। ਬਈ ਵਾਹ,” ਉਸਦੀ ਜਾਨ ਵਿਚ ਜਾਨ ਆਈ ਤੇ ਉਸਨੇ, ਉਸਨੂੰ ਬਾਹਾਂ ਵਿਚ ਸਮੇਟ ਲਿਆ।
“ਆਦਮੀ ਏਂ ਕਿ ਜਾਨਵਰ,” ਉਹ, ਉਸਨੂੰ ਪਰ੍ਹਾਂ ਧਰੀਕ ਕੇ ਦੂਰ ਜਾ ਖੜ੍ਹੀ ਹੋਈ, “ਇਕ ਬੇਵੱਸ ਔਰਤ ਤੇਰੇ ਕਮੀਨੇਪਣ ਦਾ ਸ਼ਿਕਾਰ ਹੋ ਰਹੀ ਏ ਤੇ ਤੂੰ...।”
“ਆਬਿਦਾ ਕੀ ਕਹਿ ਰਹੀ ਏਂ ਤੂੰ?”
“ਮੈਂ ਤੈਨੂੰ ਹਰ ਜਗ੍ਹਾ ਫ਼ੋਨ ਕੀਤੇ...”
“ਪਰ...”
“ਜੇ.ਜੇ. ਹਸਪਤਾਲ ਵਿਚ...ਬੱਚਾ ਠੀਕ ਏ, ਪਰ ਮਾਂ ਦਾ ਆਖ਼ਰੀ ਵਕਤ ਏ।” ਉਸ ਉੱਤੇ ਪਾਗਲਪਨ ਸਵਾਰ ਹੋਇਆ ਜਾਪਦਾ ਸੀ।
“ਤੈਨੂੰ ਹੋ ਕੀ ਗਿਐ?... ਤੇਰੇ ਸਿਰ ਦੀ ਕਸਮ ਸਿਵਾਏ ਤੇਰੇ ਮੇਰੀ ਕੋਈ ਬੀਵੀ ਨਹੀਂ...।”
“ਕੀ ਤੂੰ ਉਸਨੂੰ ਤਲਾਕ ਦੇ ਦਿੱਤੈ, ਦਰਿੰਦੇ? ਆਪਣੇ ਬੱਚੇ ਦੀ ਮਾਂ ਨੂੰ ...।” ਜੇ ਉਸਦਾ ਵੱਸ ਚਲਦਾ ਤਾਂ ਉਹ ਉਸਦਾ ਗਲ਼ਾ ਘੁੱਟ ਦੇਂਦੀ। ਮਾਜਿਦ ਨੇ ਉਸਨੂੰ ਸਮਝਾਉਣਾ ਚਾਹਿਆ ਪਰ ਉਸਨੇ, ਉਸਦਾ ਮੂੰਹ ਵਲੂੰਧਰ ਛੱਡਿਆ, ਕੱਪੜੇ ਪਾੜ ਸੁੱਟੇ ਤੇ ਦੋਵਾਂ ਹੱਥਾਂ ਨਾਲ ਮੂੰਹ ਲਕੋਅ ਕੇ ਉੱਚੀ-ਉੱਚੀ ਰੋਣ ਲੱਗ ਪਈ।
“ਆਬਿਦਾ ਖ਼ੁਦਾ ਦੇ ਵਾਸਤੇ ਰੋ ਨਾ...ਮੇਰੀ ਗੱਲ ਤਾਂ ਸੁਣ।”
“ਮੈਨੂੰ ਹੱਥ ਨਾ ਲਾ। ਤੂੰ ਸਮਝਦਾ ਏਂ ਮੈਂ ਆਪਣੀ ਕਿਸਮਤ 'ਤੇ ਰੋ ਰਹੀ ਆਂ... ਨਹੀਂ ਖ਼ੁਦਾ ਦੀ ਸਹੁੰ, ਮੈਂ ਉਸ ਬਦਨਸੀਬ ਔਰਤ ਦੀ ਕਿਸਮਤ 'ਤੇ ਰੋ ਰਹੀ ਆਂ ਜਿਸ ਨਾਲ ਤੂੰ ਦਗ਼ਾ ਕੀਤੈ।”
“ਓਇ ਰੱਬਾ, ਦਸ ਤਾਂ ਸਈ ਬਈ ਗੱਲ ਕੀ ਏ?” ਮਾਜਿਦ ਖਿਝ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਜੇ. ਜੇ. ਹਸਪਤਾਲ ਫ਼ੋਨ ਕੀਤਾ...:
“ਹੈਲੋ, ਪਲੀਜ਼ ਜ਼ਰਾ ਦੱਸਣ ਦਾ ਕਸ਼ਟ ਕਰਨਾ ਕਿ ਕਮਰਾ ਨੰਬਰ 6 ਦੀ ਮਰੀਜ਼ ਦਾ ਨਾਂ ਕੀ ਏ?”
ਪੁੱਛਗਿੱਛ ਤੇ ਬਹਿਸ ਤੋਂ ਬਾਅਦ ਪਤਾ ਲੱਗਿਆ ਕਿ ਕਮਰਾ ਨੰਬਰ 6 ਖ਼ਾਲੀ ਹੈ।
“ਓ-ਅ... ਤਾਂ ਉਹ ਮਰ ਗਈ!...ਹੇ ਖ਼ੁਦਾ!!... ਤੂੰ ਹਤਿਆਰਾ ਏਂ...ਤੂੰ ਉਸਨੂੰ ਮਾਰ ਛੱਡਿਆ¸ ਤੇ ਤੇਰਾ ਬੱਚਾ...ਬਦਨਸੀਬ ਬੱਚਾ! ਉਸਦਾ ਕੀ ਹੋਏਗਾ? ਯਤੀਮਖਾਨੇ ਵਿਚ ਪਲੇਗਾ...ਨਹੀਂ...ਉਹ ਯਤੀਮਖਾਨੇ 'ਚ ਨਹੀਂ ਪਲੇਗਾ, ਉਸਨੂੰ ਮਾਂ ਦਾ ਪਿਆਰ ਨਹੀਂ ਮਿਲਿਆ...ਤੇ  ਉਸਦਾ ਪਿਓ ਇਕ ਸ਼ੈਤਾਨ ਐ ...।”
ਇਕ ਮੁਸੀਬਤ ਖੜ੍ਹੀ ਹੋ ਗਈ। ਬੜੀ ਮੁਸ਼ਕਿਲ ਨਾਲ ਜੇ. ਜੇ. ਹਸਪਤਾਲ ਵਾਲਿਆਂ ਤੋਂ ਤਸੱਲੀ ਕਰਵਾਈ ਗਈ ਕਿ ਕਮਰਾ ਨੰਬਰ ਛੇ ਵਿਚ ਕਿਸੇ ਔਰਤ ਦੇ ਬੱਚਾ ਨਹੀਂ ਹੋਇਆ। ਇਕ ਬਦਹਜ਼ਮੀ ਦੇ ਮਰੀਜ਼ ਲਾਲਾ ਜੀ  ਸਨ, ਉਹ ਵੀ ਦੋ ਦਿਨ ਹੋਏ ਚਲੇ ਗਏ ਨੇ। ਫੇਰ ਇਸ ਰਹੱਸ ਦਾ ਭੇਦ ਖੁੱਲਿਆ। ਮਾਜਿਦ ਦੇ ਇਕ ਦੋਸਤ ਜਿਹਨਾਂ ਇਹ ਕੋਝਾ ਮਜ਼ਾਕ ਕੀਤਾ ਸੀ, ਸਮਝਦੇ ਸਨ, ਆਬਿਦਾ ਮਜ਼ਾਕ ਨੂੰ ਹਾਸੜ ਵਿਚ ਬਦਲ ਦਏਗੀ। ਅਖੀਰ ਲੰਮੀ ਬਹਿਸ ਤੋਂ ਬਾਅਦ ਸਿੱਟਾ ਇਹ ਨਿਕਲਿਆ ਕਿ ਸਾਰੀ ਗ਼ਲਤੀ ਉਸ ਮੂਰਖ ਦੋਸਤ ਦੀ ਸੀ ਤੇ ਆਬਿਦਾ ਦੀ ਅਕਲਮੰਦੀ, ਇਹ ਸੀ ਕਿ ਮਜ਼ਾਕ ਨੂੰ ਸੱਚ ਮੰਨ ਬੈਠੀ ਸੀ।
ਖ਼ੈਰ, ਗੱਲ ਆਈ-ਗਈ ਹੋ ਗਈ। ਪਰ ਆਬਿਦਾ¸ ਉਸ ਫ਼ੋਨ-ਕਾਲ ਤੋਂ ਬਾਅਦ, ਜੋ ਕੁਝ ਉਸਦੇ ਦਿਲ ਉੱਤੇ ਬੀਤਿਆ ਸੀ¸ ਭੁੱਲ ਨਹੀਂ ਸੀ ਸਕੀ। ਇਹ ਗੱਲ ਵਾਰੀ-ਵਾਰੀ ਉਸਨੂੰ ਭਿਆਨਕ ਸੁਪਨੇ ਬਣ-ਬਣ ਕੇ ਡਰਾਉਂਦੀ ਰਹੀ ਕਿ ਹਸਪਤਾਲ ਵਿਚ ਉਸਦੇ ਬੱਚਾ ਹੋਇਆ ਹੈ, ਉਹ ਆਖਰੀ ਸਾਹਾਂ 'ਤੇ ਹੈ ਤੇ ਮਾਜਿਦ ਦੀ ਨਵੀਂ ਬੀਵੀ ਉਸਨੂੰ ਭਾਲਣ ਖਾਤਰ ਜਗ੍ਹਾ-ਜਗ੍ਹਾ ਫ਼ੋਨ ਕਰ ਰਹੀ ਹੈ।...ਪਰ ਉਹ ਕਿਤੇ ਵੀ ਨਹੀਂ ਮਿਲ ਰਿਹਾ।
ਤੇ ਉਹ ਕਮਰਾ ਨੰਬਰ ਛੇ ਵਿਚ ਪ੍ਰਾਣ ਤਿਆਗ ਦੇਂਦੀ ਹੈ।
ਪਰ ਦਸ ਸਾਲ ਬੀਤ ਗਏ, ਸੁਪਨਾ ਸੱਚ ਸਿੱਧ ਨਹੀਂ ਹੋ ਸਕਿਆ। ਡਾਕਟਰ ਕਹਿੰਦੇ ਰਹੇ, 'ਦੋਵੇਂ ਠੀਕ-ਠਾਕ ਨੇ, ਬੱਚੇ ਦੇ ਨਾ ਹੋਣ ਦਾ ਕੋਈ ਵਿਸ਼ੇਸ਼ ਕਾਰਨ ਤਾਂ ਹੈ ਨਹੀਂ।'

'ਖ਼ੁਦਾ ਦਾ ਵਾਸਤਾ ਈ, ਬਸ ਆ-ਜਾ।' ਮਾਜਿਦ ਦਾ ਤਾਜ਼ਾ ਖ਼ਤ ਉਸਦੇ ਸਾਹਮਣੇ ਪਿਆ ਸੀ। ਤਾਰਾਂ ਤੇ ਖ਼ਤ ਲਗਾਤਾਰ ਆ ਰਹੇ ਸਨ।
ਅੰਮੀ ਜਾਨ ਦੀ ਹਾਲਤ ਖਾਸੀ ਨਾਜ਼ੁਕ ਹੈ।' ਉਹ ਵਾਰੀ-ਵਾਰੀ ਇਹੋ ਜਵਾਬ ਦੇਂਦੀ। ਮਾਜਿਦ ਦੀ ਮਾਂ ਨੂੰ ਅਧਰੰਗ ਦਾ ਦੂਜਾ ਦੌਰਾ ਪਿਆ ਸੀ। ਉਹ, ਉਹਨਾਂ ਦਾ ਪਤਾ ਲੈਣ ਆਏ ਸਨ। ਆਬਿਦਾ ਉਹਨਾਂ ਦੀ ਦੇਖਭਾਲ ਕਰਨ ਲਈ ਇੱਥੇ ਹੀ ਰਹਿ ਪਈ ਸੀ¸ ਹੁਣ ਵੱਡੀ ਬੀ ਸੀ ਕਿ ਨਾ ਤਾਂ ਮਰਦੀ ਹੀ ਸੀ ਤੇ ਨਾ ਹੀ ਠੀਕ ਹੁੰਦੀ ਸੀ। 'ਮੈਂ ਇਹਨਾਂ ਨੂੰ ਇਸ ਹਾਲਤ ਵਿਚ ਛੱਡ ਕੇ ਕਿੰਜ ਆ ਸਕਦੀ ਹਾਂ! ਇੰਜ ਤੜਫਣ ਕਿਉਂ ਡਹੇ ਓ, ਇਸ ਦੌਰਾਨ ਕਿਸੇ ਹੋਰ ਨਾਲ ਇਸ਼ਕ ਫੁਰਮਾਅ ਛੱਡੋ¸ ਟਾਈਮ ਪਾਸ ਹੋ ਜਾਏਗਾ।' ਉਹ ਮਾਜਿਦ ਨੂੰ ਚਿੜਾਉਣ ਖਾਤਰ ਮਜ਼ਾਕ ਵਜੋਂ ਲਿਖਦੀ, 'ਕੀ ਦਸ ਵਰ੍ਹਿਆਂ ਵਿਚ ਹੀ ਸਾਰੇ ਦਾਅ-ਪੇਚ ਭੁੱਲ ਗਏ ਓ?' ਉਹ ਹੋਰ ਤਪਾਉਂਦੀ।
'ਤੇਰੀ ਸ਼ਾਮਤ ਆਈ ਲੱਗਦੀ ਹੈ?' ਉਹ ਭਖੇ-ਭਖਾਏ ਲਿਖਦੇ।
ਖ਼ੁਦਾ-ਖ਼ੁਦਾ ਕਰਕੇ ਅੰਮੀ ਜਾਨ ਦੀ ਤਬੀਅਤ ਜ਼ਰਾ ਸੰਭਲੀ ਤਾਂ ਕੰਮਨ ਬਾਜੀ ਆਪਣਾ ਛੇਵਾਂ ਬੱਚਾ ਜੰਮਣ ਆ ਪਹੁੰਚੀ¸ ਇਕ ਆਬਿਦਾ ਹੀ ਲੰਡੀ-ਚਿੜੀ ਸੀ; ਬਾਕੀ ਆਪੋ-ਆਪਣੇ ਚੂਚੇ ਸਾਂਭਣ ਵਿਚ ਰੁੱਝੀਆਂ ਹੋਈਆਂ ਸਨ।
'ਕਹੋ ਤਾਂ ਬਜੀਆ ਨੂੰ ਇਸ ਹਾਲਤ ਵਿਚ ਛੱਡ ਕੇ ਆ ਜਾਵਾਂ?' ਉਸਨੇ ਮਾਜਿਦ ਨੂੰ ਲਿਖਿਆ।
'ਨਹੀਂ, ਐਸੀ ਵੀ ਜਲਦੀ ਨਹੀਂ। ਪਰ ਖ਼ੁਦਾ ਦਾ ਵਾਸਤਾ ਈ, ਇਸ ਪਿੱਛੋਂ ਫ਼ੌਰਨ ਰਵਾਨਾ ਹੋ ਪਵੀਂ।' ਮਾਜਿਦ ਨੇ ਮਰੇ ਹੋਏ ਮਨ ਨਾਲ ਜਵਾਬ ਦਿੱਤਾ।
ਇਸੇ ਚੱਕਰ ਵਿਚ ਪੂਰੇ ਛੇ ਮਹੀਨੇ ਲੰਘ ਗਏ। ਜਦੋਂ ਉਹ ਆਈ ਮਾਜਿਦ ਦੇ ਬੂਰੇ ਹਾਲ ਹੋਏ-ਹੋਏ ਸਨ ਪਰ ਉਹ ਘਰ ਦੀ ਉਜਾੜ-ਸੂਰਤ ਨੂੰ ਸੰਵਾਰਨ ਵਿਚ ਰੁੱਝ ਗਈ। ਨਾ ਚਾਦਰਾਂ-ਤੌਲੀਆਂ ਦਾ ਪਤਾ ਸੀ, ਨਾ ਭਾਂਡਿਆਂ ਦਾ ਠਿਕਾਣਾ! ਅੱਧੇ ਤਾਂ ਗੁਆਂਢੀਆਂ ਦੇ ਗਏ ਹੋਏ ਸਨ।
“ਰੱਬ ਦੇ ਵਾਸਤੇ ਨਵੇਂ ਖਰੀਦ ਲਿਆ ਤੇ ਖਹਿੜਾ ਛੱਡ।” ਹਰ ਵੇਲੇ ਦੇ ਚਮਚਿਆਂ, ਕੌਲੀਆਂ ਦੇ ਜ਼ਿਕਰ ਤੋਂ ਤੰਗ ਆ ਕੇ ਮਾਜਿਦ ਨੇ ਕਿਹਾ, ਪਰ ਆਬਿਦਾ ਉੱਪਰ ਤਾਂ ਜਿਵੇਂ ਇਹੀ ਧੁੰਨ ਸਵਾਰ ਹੋਈ-ਹੋਈ ਸੀ। ਉਸ ਨੇ ਜਦੋਂ ਤਕ ਘਰ ਨੂੰ ਐਨ ਲਿਸ਼ਕਾ ਨਹੀਂ ਲਿਆ, ਆਰਾਮ ਨਾਲ ਨਹੀਂ ਬੈਠੀ।
ਬੈੱਡ-ਰੂਮ, ਡਰਾਇੰਗ-ਰੂਮ ਤੇ ਕਿਚਨ ਲਿਸ਼ਕਾ ਕੇ ਉਸ ਨੇ ਕੱਪੜਿਆਂ ਵੱਲ ਧਿਆਨ ਦਿੱਤਾ¸ਮਾਜਿਦ ਦੇ ਲਗਭਗ ਅੱਧੇ ਕੱਪੜੇ ਗ਼ਾਇਬ ਸਨ। ਖ਼ੁਦ ਉਸ ਦੀਆਂ ਕਈ ਸਾੜ੍ਹੀਆਂ ਵੀ ਨਹੀਂ ਸਨ ਦਿਸ ਰਹੀਆਂ¸ ਸੌਂਫੀਆ ਤੇ ਇਕ ਦੋ ਹੋਰ ਕੀਮਤੀ ਸਾੜ੍ਹੀਆਂ ਨੂੰ ਛੱਡ ਕੇ, ਕਈ ਗ਼ਾਇਬ ਸਨ। ਉਹ ਨੌਕਰਾਂ ਨੂੰ ਫਿਟਕਾਰਦੀ ਰਹੀ। ਸਾਰੇ ਕੁਰਾਨ ਉੱਪਰ ਹੱਥ ਧਰਨ ਲਈ ਤਿਆਰ ਸਨ। ਬੈਰਾ, ਹਰ ਰੋਜ਼ ਸਾਹਿਬ ਦੇ ਸਾਹਮਣੇ ਜਿੰਦਰਾ ਲਾ ਕੇ ਚਾਬੀ ਉਹਨਾਂ ਨੂੰ ਫੜਾ ਦੇਂਦਾ ਸੀ।
ਸਭ ਤੋਂ ਵਧ ਚਿੰਤਾ ਉਸਨੂੰ ਮਾਜਿਦ ਦੀ ਸੀ; ਉਹ ਵੀ ਲਗਭਗ ਅੱਧੇ ਗ਼ਾਇਬ ਹੋ ਚੁੱਕੇ ਸਨ। ਉੱਡੀ ਉੱਡੀ ਸੂਰਤ, ਗਵਾਚੀਆਂ-ਗਵਾਚੀਆਂ ਜਿਹੀਆਂ ਨਜ਼ਰਾਂ! ਆਬਿਦਾ ਘਰ ਦੇ ਚੱਕਰ ਵਿਚ ਧਿਆਨ ਹੀ ਨਹੀਂ ਸੀ ਦੇ ਸਕੀ¸ ਉਹ ਵੀ ਜਿਵੇਂ ਗੂੰਗੇ-ਬੌਰੇ ਜਿਹੇ ਹੋ ਗਏ ਸਨ।
“ਤੂੰ ਵਾਪਸ ਆ ਕੇ ਵੀ ਨਹੀਂ ਮਿਲੀ...” ਉਹਨਾਂ ਨੇ ਜਿਵੇਂ ਉਲਾਂਭਾ ਜਿਹਾ ਦਿੱਤਾ।
“ਦੇਖਦੇ ਨਹੀਂ ਪਏ, ਘਰ ਦਾ ਕਬਾੜਖ਼ਾਨਾ ਬਣਿਆਂ ਪਿਆ ਏ¸ ਮੇਰਾ ਟੈਲਕਮ ਪਾਊਡਰ ਵਾਲਾ ਡੱਬਾ ਵੀ ਗ਼ਾਇਬ ਐ। ਕਿਹੜੀ-ਕਿਹੜੀ ਚੀਜ ਨੂੰ ਰੋਵਾਂ!”
“ਉਸਦੀ ਬੋ ਬੜੀ ਭੈੜੀ ਲੱਗਦੀ ਹੁੰਦੀ ਸੀ ਤੈਨੂੰ...”
“ਮੈਨੂੰ ਨਹੀਂ, ਤੁਹਾਨੂੰ! ਤੁਸੀਂ ਹੀ ਨੱਕ ਬੁੱਲ੍ਹ ਵੱਟਦੇ ਹੁੰਦੇ  ਸੀ। ਖੈਰ, ਮਗਰੋਂ ਲੱਥਾ ਕੋਈ ਗੱਲ ਨਹੀਂ। ਮੈਨੂੰ ਤਾਂ ਇਸ ਗੱਲ ਦਾ ਗੁੱਸਾ ਏ ਬਈ ਇਹ ਹੂੰਝਾ ਕਿਸ ਨੇ ਫੇਰਿਆ ਹੋਇਆ?”
“ਮੈਂ...!” ਮਾਜਿਦ ਨੇ ਮੁਜਰਮਾਂ ਵਾਂਗ ਉਸ ਵੱਲ ਵਿੰਹਦਿਆਂ ਕਿਹਾ।

No comments:

Post a Comment