Tuesday 13 July 2010

ਦੂਜੀ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ

ਅਨੁਵਾਦ : ਮਹਿੰਦਰ ਬੇਦੀ ਜੈਤੋ

ਸੁਲਗਦੀ ਹੋਈ ਸਿਗਰੇਟ ਮੇਜ਼ਪੋਸ਼ ਉੱਪਰ ਡਿੱਗ ਪਈ। ਇਕੋ ਝਟਕੇ ਨਾਲ ਉਹ ਮਾਜਿਦ ਦੇ ਯਾਦ-ਮਹਿਲ ਵਿਚੋਂ ਨੱਸ ਕੇ ਕਮਰੇ ਵਿਚ ਪਰਤ ਆਈ। ਇਸ ਲੰਮੇ ਸਫ਼ਰ ਨੇ ਉਸਨੂੰ ਥਕਾਅ ਦਿੱਤਾ ਸੀ। ਉਸਨੇ ਸਵੈਟਰ ਕੁਰਸੀ ਉੱਤੇ ਰੱਖ ਦਿੱਤਾ¸ ਜਦੋਂ ਪੂਰਾ ਹੋ ਜਾਏਗਾ ਤਾਂ ਇਸਨੂੰ ਪ੍ਰੈਸ ਕਰਕੇ ਪਿਛਲੇ ਹਫ਼ਤੇ ਪੂਰੇ ਹੋਏ ਸਵੈਟਰ ਕੋਲ ਰੱਖ ਦਏਗੀ।
ਉਸਨੇ ਖ਼ੁਦ ਨੂੰ ਦੁੱਖਾਂ ਦੇ ਹਵਾਲੇ ਕਰ ਦਿੱਤਾ ਤੇ ਆਪਣੇ ਹਿੱਸੇ ਦੇ ਪਲੰਘ ਉੱਤੇ ਜਾ ਲੇਟੀ। ਹੰਝੂ ਦੋਹਾਂ ਪੁੜਪੁੜੀਆਂ ਤੋਂ ਹੁੰਦੇ ਹੋਏ ਵਾਲਾਂ ਨੂੰ ਭਿਓਣ ਲੱਗੇ। ਉਸਨੇ ਸਿਰਹਾਣੇ ਉੱਪਰ ਪੋਲਾ ਜਿਹਾ ਹੱਥ ਰੱਖਿਆ ਤੇ ਫੇਰ ਅਤੀਤ ਵੱਲ ਮੂੰਹ ਕਰ ਲਿਆ। ਕੜੀ ਜੋੜਨ ਲਈ ਦਿਮਾਗ਼ ਉੱਪਰ ਜ਼ਰਾ ਜਿੰਨਾਂ ਵੀ ਜ਼ੋਰ ਨਹੀਂ ਸੀ ਦੇਣਾ ਪਿਆ।

“ਕੈਨਟੀਨ 'ਚ ਕੰਮ ਕਰਦੀ ਏ?”
“ਹੋਰ ਕਿੰਨੀ ਵਾਰੀ ਪੁੱਛੇਂਗੀ?”
“ਜਿੰਨੀ ਵਾਰੀ ਤੁਸੀਂ ਇਹ ਕਹਿੰਦੇ ਰਹੋਗੇ, ਤੁਹਾਨੂੰ  ਉਸ ਨਾਲ ਮੁਹੱਬਤ ਨਹੀਂ।” ਉਸਦੀ ਆਵਾਜ਼ ਵਿਚ ਮੌਤ ਵਰਗਾ ਧੀਰਜ ਸੀ।
“ਇੰਜ ਤਾਂ ਇਹ ਬਹਿਸ ਕਦੀ ਖ਼ਤਮ ਨਹੀਂ ਹੋਏਗੀ।”
“ਇਸ ਦੇ ਬਾਵਜੂਦ ਤੁਹਾਡੀ ਰਾਏ ਵਿਚ ਮੈਨੂੰ ਇੱਥੇ ਹੀ ਰਹਿਣਾ ਚਾਹੀਦਾ ਏ?”
“ਹਾਂ।”
“ਮੈਂ...ਇਸ...ਢੰਢਾਰ ਘਰ (ਸੁੰਨਸਾਨ-ਬੀਆਬਾਨ ਘਰ) ਵਿਚ 'ਕੱਲੀ ਕੀ ਕਰਾਂਗੀ? ਤੁਸੀਂ ਚਲੇ ਜਾਓਗੇ ਤਾਂ...।”
“ਨਹੀਂ।”
“ਪਰ...।”
“ਮੈਂ ਤੇਰੇ ਬਗ਼ੈਰ ਨਹੀਂ ਰਹਿ ਸਕਦਾ।” ਮਾਜਿਦ ਨੇ ਬੱਚਿਆਂ ਵਾਂਗ ਜ਼ਿੱਦ ਕੀਤੀ। ਆਬਿਦਾ ਦਾ ਦਿਲ ਚਾਹਿਆ, ਉਸ ਦਾ ਮੂੰਹ ਵਲੂੰਧਰ ਸੁੱਟੇ, ਪਰ ਸਿਰਫ ਮੁਸਕੁਰਾ ਦੇ ਰਹਿ ਗਈ। ਮਾਜਿਦ ਦੀਆਂ ਅੱਖਾਂ ਝੁਕ ਗਈਆਂ।
“ਮੈਂ ਸਵੇਰੇ ਪਹਿਲੀ ਗੱਡੀ ਚਲੀ ਜਾਵਾਂਗੀ।” ਆਬਿਦਾ ਨੇ ਆਪਣਾ ਫ਼ੈਸਲਾ ਸੁਣਾਇਆ ਤੇ ਉਠ ਕੇ ਖੜ੍ਹੀ ਹੋ ਗਈ।
“ਤੂੰ ਪਹਿਲੀ ਗੱਡੀ ਨਹੀਂ ਫੜ੍ਹ ਸਕਣੀ।” ਮਾਜਿਦ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਏਨੇ ਸਵੇਰੇ ਕਫ਼ਨ-ਦਫ਼ਨ ਦਾ ਇੰਤਜ਼ਾਮ ਹੀ ਨਹੀਂ ਹੋ ਸਕੇਗਾ।”
“ਫੇਰ ਉਹੀ ਧਮਕੀਆਂ! ਜ਼ਰਾ ਸੋਚੋ ਤਾਂ ਸਹੀ, ਤੁਸੀਂ ਕੀ ਕਹਿ ਰਹੇ ਓ? ਮੇਰਾ ਧੀਰਜ ਫ਼ੌਲਾਦ ਦਾ ਨਹੀਂ ਬਣਿਆ ਹੋਇਆ!”
“ਮੇਰਾ ਵੀ ਇਹੀ ਖ਼ਿਆਲ ਸੀ। ਕਾਸ਼, ਮੈਂ ਤੇਰੇ ਧੀਰਜ ਰੂਪੀ ਖੋਲ ਨੂੰ ਤੋੜ ਸਕਦਾ। ਤੂੰ ਆਮ ਔਰਤਾਂ ਵਾਂਗ ਮੇਰਾ ਚਿਹਰਾ ਵਲੂੰਧਰ ਸੁੱਟਦੀ। ਪਰ ਤੂੰ ਆਮ ਔਰਤ ਨਹੀਂ। ਤੂੰ ਆਬਿਦਾ ਏਂ। ਤੇਰੇ ਪੈਰਾਂ 'ਤੇ ਸਿਰ ਰੱਖ ਕੇ ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਣ ਦੀ ਹਿੰਮਤ ਵੀ ਤਾਂ ਨਹੀਂ ਪੈਂਦੀ।”
“ਇਹਨਾਂ ਫ਼ਿਲਾਸਫ਼ਰਾਂ ਵਰਗੀਆਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ। ਤੁਹਾਡਾ ਫ਼ਰਜ਼ ਬਣਦੈ, ਇਨਸਾਨੀਅਤ ਨੂੰ ਹੱਥੋਂ ਨਾ ਜਾਣ ਦਿਓ। ਮੈਂ ਨਹੀਂ ਚਾਹੁੰਦੀ ਤੁਸੀਂ ਉਸ ਨਾਲ ਵੀ ਦਗ਼ਾ ਕਰੋਂ।”
“ਆਬਿਦਾ, ਤੇਰੇ ਨਰਮ ਲਹਿਜੇ ਦੇ ਜ਼ਹਿਰ ਨੇ ਹੀ ਮੈਨੂੰ ਅਪਾਹਿਜ ਬਣਾਅ ਕੇ ਰੱਖ ਦਿੱਤਾ ਏ। ਮੈਂ ਸਿਰਫ ਇਸ ਉਮੀਦ 'ਤੇ ਕਿ ਤੂੰ ਹੋਰਨਾਂ ਔਰਤਾਂ ਨਾਲੋਂ ਵੱਖਰੀ ਸੋਚ ਦੀ ਮਾਲਕ ਏਂ ਤੇ ਮੇਰੀ ਗ਼ਲਤੀ ਉੱਤੇ ਨਿਰਪੱਖ ਹੋ ਕੇ ਸੋਚ ਸਕੇਂਗੀ, ਹੁਣ ਤੱਕ ਉਹ ਕੁਝ ਨਹੀਂ ਕੀਤਾ ਜੋ ਮੈਨੂੰ ਕਰਨਾਂ ਚਾਹੀਦਾ ਸੀ।”
“ਕੀ ਕਰਨਾਂ ਚਾਹੀਦਾ ਸੀ ਤੁਹਾਨੂੰ, ਜੋ ਹੁਣ ਤੱਕ ਨਹੀਂ ਕੀਤਾ?”
“ਮੈਨੂੰ ਜਿਊਂਦਿਆਂ ਰਹਿਣ ਦਾ ਕੋਈ ਅਧਿਕਾਰ ਨਹੀਂ। ਇਕ ਅਧੂਰੇ ਇਨਸਾਨ ਨੂੰ ਜੇ ਮੁਆਫ਼ ਨਾ ਕੀਤਾ ਜਾ ਸਕਦਾ ਹੋਏ ਤਾਂ ਉਸ ਲਈ ਇਕੋ ਰਸਤਾ ਰਹਿ ਜਾਂਦਾ ਹੈ।...”
“ਯਾਨੀ, ਖੁਦਕਸ਼ੀ?”
“ਹਾਂ।”
“ਇਹਨਾਂ ਰੁਮਾਂਟਿਕ ਗੱਲਾਂ ਵਿਚ ਕਿਉਂ ਉਲਝਾਂਦੇ ਪਏ ਓ...” ਆਬਿਦਾ ਨੇ ਅਕੇਵੇਂ ਜਿਹੇ ਨਾਲ ਕਿਹਾ।
“ਆਬਿਦਾ, ਜੇ ਮੈਂ ਗ਼ਲਤੀ ਨਾਲ ਅੰਗਿਆਰਾ ਚੁੱਕ ਲਿਆ ਏ ਤਾਂ ਇਸਦਾ ਇਹ ਮਤਲਬ ਹੈ ਕਿ ਹੁਣ ਸਾਰੀ ਉਮਰ ਉਸਨੂੰ ਹੱਥੇਲੀ ਉੱਤੇ ਰੱਖ ਕੇ ਫੂਕਾਂ ਮਾਰਦਾ ਰਹਾਂ?”
“ਬੜੀ ਘਿਸੀ-ਪਿਟੀ ਦਲੀਲ ਏ, ਅੰਗਿਆਰਾਂ ਨਾਲ ਖੇਡਣ ਦੇ ਤਾਂ ਤੁਸੀਂ ਹਮੇਸ਼ਾ ਦੇ ਆਦੀ ਹੋ। ਦਸ ਸਾਲ ਤੁਸੀਂ ਇਕ ਇਹੋ ਜਿਹੀ ਜ਼ਿੰਦਗੀ ਬਿਤਾਉਂਦੇ ਰਹੇ, ਜੋ ਨਾ ਤੁਹਾਨੂੰ ਪਸੰਦ ਸੀ ਤੇ ਨਾ ਹੀ ਸੁਭਾਵਿਕ। ਮੌਕਾ ਮਿਲਦਿਆਂ ਹੀ ਤੁਸੀਂ ਆਪਣੀ ਅਸਲੀਅਤ 'ਤੇ ਆ ਗਏ।” ਆਬਿਦਾ ਦੇ ਲਹਿਜੇ ਵਿਚ ਨਾਰਾਜ਼ਗੀ ਘੁਲੀ ਹੋਈ ਸੀ¸ ਮਾਜਿਦ ਨੂੰ ਕੁਝ ਉਮੀਦ ਜਿਹੀ ਵੱਝੀ।
“ਆਬਿਦਾ, ਜੇ ਇਹੋ ਜਿਹੀ ਕੋਈ ਮੂਰਖਤਾ ਤੂੰ ਕਰ ਬੈਠਦੀ ਤਾਂ ਖ਼ੁਦਾ ਗਵਾਹ ਹੈ, ਮੈਂ ਇਹ ਸਜ਼ਾ ਨਾ ਦੇਂਦਾ। ਤੇਰੇ ਖ਼ਿਆਲ ਵਿਚ ਕੀ ਸੱਚਮੁੱਚ ਮੈਂ ਉਸ ਅਨਪੜ੍ਹ ਗੰਵਾਰ ਕੁੜੀ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਆਂ?”
“ਜੇ ਸੱਚਮੁੱਚ ਹੀ ਉਹ ਏਨੀ ਗ਼ੈਰ-ਦਿਲਚਸਪ ਸੀ ਤਾਂ ਤੁਹਾਡੀ ਦਿਲ ਨਿਵਾਜ-ਮਹਿਬੂਬਾ ਕਿੰਜ ਬਣ ਗਈ?”
“ਜੇ ਕੋਈ ਪਿਸ਼ਾਬ ਕਰਨ ਲਈ ਮੂਤਰੀ (ਪਿਸ਼ਾਬ-ਘਰ) ਵਿਚ ਵੜ ਜਾਏ ਤਾਂ ਉਸਨੂੰ  ਉੱਥੇ ਹੀ ਕੈਦ ਕਰ ਦੇਣਾ ਚਾਹੀਦਾ ਹੈ?...ਤੇ ਕੀ ਉਹ ਸਾਰੀ ਉਮਰ ਉੱਥੇ ਗੁਜਾਰ ਸਕਦਾ ਏ? ਮੈਂ ਕਦੀ ਦਾਅਵਾ ਨਹੀਂ ਕੀਤਾ ਕਿ ਮੈਂ ਫ਼ਰਿਸ਼ਤਾ ਹਾਂ। ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੈਂ ਇਕ ਬੋਦਾ ਤੇ ਅਧੂਰਾ ਆਦਮੀ ਆਂ¸ਪਰ ਏਡੀ ਵੱਡੀ ਸਜ਼ਾ ਦਾ ਹੱਕਦਾਰ ਨਹੀਂ। ਤੂੰ ਆਪ ਸੋਚ ਜੇ ਮੈਂ ਉਸਨੂੰ ਬਰਦਾਸ਼ਤ ਕਰ ਸਕਦਾ ਹੁੰਦਾ ਤਾਂ ਰਾਹ ਵਿਚ ਰੁਕਾਵਟ ਕਿਹੜੀ ਸੀ? ਤੇਰੀ ਇਸ ਜਬਰਦਸਤੀ ਦੀ ਨੌਬਤ ਹੀ ਨਹੀਂ ਸੀ ਆਉਣੀ। ਮੈਂ ਬਿਨਾਂ ਦੱਸੇ-ਪੁੱਛੇ ਤੈਨੂੰ ਛੱਡ ਕੇ ਜਾ ਸਕਦਾ ਸਾਂ¸ ਕੀ ਤੂੰ ਮੈਨੂੰ ਰੋਕ ਲੈਂਦੀ?”
“ਕਤਈ ਨਹੀਂ।”
“ਕਸਮ ਨਾਲ ਤੂੰ ਮੈਨੂੰ ਦੋਹਾਂ ਹੱਥਾਂ ਨਾਲ ਧਰੀਕ ਰਹੀ ਏਂ। ਜੇ ਮੇਰੇ ਵਿਚ ਜ਼ਰਾ ਜਿੰਨੀ ਵੀ ਹਿਊਂ ਹੁੰਦੀ, ਤਾਂ ਮੈਂ ਹਮੇਸ਼ਾ ਲਈ ਮੂੰਹ ਕਾਲਾ ਕਰ ਜਾਂਦਾ।”
“ਜੇ ਮੈਥੋਂ ਕੋਈ ਅਜਿਹੀ ਗ਼ਲਤੀ ਹੋ ਜਾਂਦੀ ਫੇਰ?”
“ਫੇਰ, ਖ਼ੁਦਾ ਜਾਣਦਾ ਏ, ਮੈਂ ਤੇਰੀਆਂ ਹੱਡੀਆਂ ਤੋੜ ਕੇ ਰੱਖ ਦੇਂਦਾ। ਪਰ ਤੈਨੂੰ ਇਕ ਵਹਿਸ਼ੀ ਦਰਿੰਦੇ ਨਾਲ ਰਹਿਣ ਦੀ ਸਜ਼ਾ ਕਦੀ ਨਾ ਦੇਂਦਾ।”
“ਖ਼ੈਰ, ਤੁਸੀਂ ਚਾਹੁੰਦੇ ਕੀ ਓ?”
“ਤੂੰ ਜੋ ਸਜ਼ਾ ਚਾਹੇਂ, ਦੇ-ਲੈ। ਤੈਨੂੰ ਮੇਰੇ ਤੋਂ ਘਿਣ ਆਉਂਦੀ ਏ, ਤਾਂ ਮੈਂ ਤੇਰੀ ਮਰਜ਼ੀ ਤੋਂ ਬਿਨਾਂ ਤੈਨੂੰ ਹੱਥ ਵੀ ਨਹੀਂ ਲਾਵਾਂਗਾ। ਅਸੀਂ ਦੋ ਦੋਸਤਾਂ ਵਾਂਗ ਤਾਂ ਇਕੱਠੇ ਰਹਿ ਸਕਦੇ ਆਂ ਨਾ?”
“ਪਰ ਇਹ ਕੀ ਜ਼ਰੂਰੀ ਏ ਕਿ ਦੋਸਤ ਰਹਿਣ ਵੀ ਇਕੱਠੇ? ਉਸਨੂੰ ਤੁਹਾਡੀ ਜ਼ਰੂਰਤ ਏ, ਇਕੱਲੀ ਜ਼ਿੰਦਗੀ ਦਾ ਮੁਕਾਬਲਾ ਕਿੰਜ ਕਰੇਗੀ, ਉਹ?”
“ਤੈਨੂੰ ਉਸ ਉੱਤੇ ਬੜਾ ਰਹਿਮ ਆ ਰਿਹੈ ?”
“ਉਹ ਰਹਿਮ ਦੇ ਕਾਬਲ ਵੀ ਹੈ। ਨਾਲੇ ਉਸ ਬੇਗੁਨਾਹ ਮਾਸੂਮ ਦਾ ਕੀ ਬਣੇਗਾ? ਮਾਜਿਦ ਤੁਹਾਨੂੰ ਉਸ ਨਾਲ ਸ਼ਾਦੀ ਕਰਨੀ ਹੀ ਪਏਗੀ।”
“ਆਬਿਦਾ,” ਮਾਜਿਦ ਨੇ ਉਠ ਕੇ ਬੇਚੈਨੀ ਨਾਲ ਟਹਿਲਣਾ ਸ਼ੁਰੂ ਕਰ ਦਿੱਤਾ, “ਤੂੰ ਜੋ ਵੀ ਫ਼ੈਸਲਾ ਕਰੇਂਗੀ, ਮੈਨੂੰ ਮੰਜ਼ੂਰ ਹੋਏਗਾ ਪਰ; ਸ਼ਾਦੀ ਨਹੀਂ। ਇਹ ਘਿਸੀ ਪਿਟੀ, ਸਦੀਆਂ ਪੁਰਾਣੀ ਸਜ਼ਾ ਨਾ ਦੇਅ...ਮੈਂ ਸਹਿ ਨਹੀਂ ਸਕਾਂਗਾ। ਸ਼ਾਦੀ ਕਿਸੇ ਮਜ਼ਬੂਰੀ ਜਾਂ ਦਬਾਅ ਹੇਠ ਆ ਕੇ ਨਹੀਂ ਕੀਤੀ ਜਾਂਦੀ।”
“ਪਰ ਇੱਕ ਮਾਸੂਮ...!”
“ਮੈਂ ਰੁਪਏ-ਪੈਸੇ ਦੀ ਮਦਦ ਤੋਂ ਇਨਕਾਰ ਨਹੀਂ ਕਰ ਰਿਹਾ। ਜੋ ਪਬਲਿਸਿਟੀ ਹੋਏਗੀ, ਸੋ ਵੱਖਰੀ।”
“ਰੁਪਏ-ਪੈਸੇ ਦੀ ਮਦਦ! ਮੈਨੂੰ ਨਹੀਂ ਪਤਾ ਸੀ ਤੁਸੀਂ ਰੁਪਏ-ਪੈਸੇ ਨੂੰ ਏਨੀ ਅਹਿਮੀਅਤ (ਮਹੱਤਵ) ਦੇਂਦੇ  ਓ? ਕੀ ਰੁਪਏ-ਪੈਸੇ ਨਾਲ ਹਰ ਚੀਜ ਦੀ ਕਮੀ ਪੂਰੀ ਹੋ ਜਾਏਗੀ?”
“ਮੈਨੂੰ ਦੁਨੀਆਂ ਦਾਰੀ ਤੋਂ ਨਫ਼ਰਤ ਐ। ਇਹ ਸ਼ਾਦੀ ਸਿਰਫ ਦੁਨੀਆਂ ਨੂੰ ਦਿਖਾਉਣ ਖਾਤਰ ਕਰਨਾਂ, ਆਪਣੀ ਜਮੀਰ ਨਾਲ ਗੱਦਾਰੀ ਹੋਏਗੀ। ਮੈਂ ਉਸ ਕੁੜੀ ਨਾਲ ਲੰਮਾ ਸਫ਼ਰ ਨਹੀਂ ਕਰ ਸਕਦਾ।”
“ਜ਼ਿਆਦਾ ਡਰਾਮਾਈ ਬਣਨ ਦੀ ਜ਼ਰੂਰਤ ਨਹੀਂ, ਮੈਂ ਸਭ ਸਮਝਦੀ ਹਾਂ¸ ਜੇ ਤੈਨੂੰ ਉਸ ਨਾਲ ਏਨਾ ਪਿਆਰ ਨਹੀਂ ਸੀ ਤਾਂ ਮੇਰੀਆਂ ਸਾੜ੍ਹੀਆਂ ਕਿਉਂ ਦਿੱਤੀਆਂ ਸਨ ਉਸਨੂੰ?”
“ਸਿਰਫ ਇਸ ਲਈ ਕਿ ਉਹ ਮੈਨੂੰ ਪਸੰਦ ਨਹੀਂ ਸਨ...ਏਸੇ ਲਈ ਸੁੱਟ ਦਿੱਤੀਆਂ ਬੱਸ,” ਮਾਜਿਦ ਨੇ ਮਰੀ ਜਿਹੀ ਆਵਾਜ਼ ਵਿਚ ਕਿਹਾ, “ਆਬਿਦਾ, ਕੀ ਮੈਂ ਵਾਕਈ ਗੁਨਾਹ ਕੀਤਾ ਹੈ? ਕੀ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਇਹ ਮੂਰਖਤਾ ਨਹੀਂ ਕੀਤੀ? ਮੈਂ ਤੈਨੂੰ ਕਿੰਨੀ ਵਾਰੀ ਦੱਸ ਚੁੱਕਿਆਂ ਬਈ ਮੈਂ ਬੜਾ ਪ੍ਰੇਸ਼ਾਨ ਸਾਂ। ਮੈਂ ਤੈਨੂੰ ਖ਼ਤ ਲਿਖੇ, ਤਾਰਾਂ ਕੀਤੀਆਂ, ਤੂੰ ਨਹੀਂ ਆਈ। ਮੈਂ ਸਾਫ-ਸਾਫ ਲਿਖਿਆ ਕਿ ਮੈਨੂੰ ਤੇਰੀ ਜ਼ਰੂਰਤ ਹੈ¸ ਮੇਰੇ ਖ਼ਤ ਚੁੱਕ ਕੇ ਦੇਖ। ਇਥੋਂ ਤਕ ਲਿਖਿਆ ਕਿ ਮੇਰੀ ਜਾਨ ਤੇ ਇਮਾਨ 'ਤੇ ਬਣੀ ਹੋਈ ਹੈ¸ ਖ਼ੁਦਾਰਾ ਮੇਰੀ ਮਦਦ ਕਰ, ਮੈਨੂੰ ਬਚਾਅ ਲੈ!”
“ਅੰਮੀ ਜਾਨ ਨੂੰ ਛੱਡ ਕੇ ਕਿੰਜ ਆ ਜਾਂਦੀ!...ਤੇ ਉਪਰੋਂ ਬਜੀਆ ਦਾ ਜਾਪਾ...!”
“ਤੇ ਜੇ ਉਸ ਦੌਰਾਨ ਮੈਂ ਮਰ ਜਾਂਦਾ, ਫੇਰ ਤੂੰ ਨਾ ਆਉਂਦੀ? ਸੱਸ ਤੇ ਭੈਣ ਦੇ ਸਾਹਮਣੇ ਮੇਰੀ ਕੀ ਹੈਸੀਅਤ ਸੀ!”
“ਖ਼ੁਦਾ ਨਾ ਕਰੇ ਜੇ ਤੁਸੀਂ ਬਿਮਾਰ ਵੀ ਹੁੰਦੇ ਤਾਂ...”
“ਤਾਂ ਕੀ ਮੈਂ ਬਿਮਾਰ ਨਹੀਂ ਸਾਂ?”
“ਇਹ ਕੋਈ ਬਿਮਾਰੀ ਨਹੀਂ ਹੁੰਦੀ,” ਆਬਿਦਾ ਕੱਚੀ ਜਿਹੀ ਹੁੰਦੀ ਬੋਲੀ।
“ਜਾਨੇ-ਮਨ, ਇਹ ਦੁਨੀਆਂ ਦੀ ਸਭ ਤੋਂ ਭਿਆਨਕ ਬਿਮਾਰੀ ਹੈ¸ ਇਹਨੇ ਵੱਡੇ-ਵੱਡੇ ਮਾਹਾਂਪੁਰਸ਼ਾਂ ਦੇ ਛੱਕੇ-ਛੁਡਾਅ ਦਿੱਤੇ ਨੇ।”
“ਉਫ਼, ਮੇਰੀ ਅਕਲ 'ਚ ਕੁਝ ਨਹੀਂ ਆ ਰਿਹਾ¸ ਤੁਸੀਂ ਆਪਣੀ ਹੀ ਵਕਾਲਤ ਛਾਂਟੀ ਜਾ ਰਹੇ ਓ।”
“ਆਬਿਦਾ, ਮੈਂ ਤੈਥੋਂ ਕਤਈ ਉਮੀਦ ਨਹੀਂ ਕਰ ਰਿਹਾ ਕਿ ਤੂੰ ਮੈਨੂੰ ਮੁਆਫ਼ ਕਰ ਦੇ ਜਾਂ ਗਲ਼ੇ ਲਾ ਲੈ। ਹਾਲਾਂਕਿ ਖ਼ੁਦਾ ਗਵਾਹ ਹੈ, ਜੇ ਇੰਜ ਹੁੰਦਾ ਏ ਤਾਂ ਇਸ ਚਮਤਕਾਰ ਉੱਤੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਨਿਛਾਵਰ ਕਰਨ ਲਈ ਤਿਆਰ ਆਂ। ਮੈਂ ਜਾਣਦਾਂ, ਤੇਰੇ ਦਿਲ ਵਿਚ ਹੁਣ ਮੈਨੂੰ, ਉਹ ਜਗ੍ਹਾ ਨਹੀਂ ਮਿਲ ਸਕਦੀ ਜਿਹੜੀ ਮੈਂ ਗੰਵਾਅ ਦਿੱਤੀ ਏ, ਪਰ ਮੈਂ ਫੇਰ ਵੀ ਤੈਨੂੰ ਬੇਨਤੀ ਕਰਾਂਗਾ ਕਿ ਇਕ ਵਾਰੀ ਉਸਨੂੰ ਮਿਲ ਆ¸ ਫੇਰ ਕੋਈ ਫ਼ੈਸਲਾ ਕਰੀਂ। ਜੇ ਫੇਰ ਵੀ ਤੂੰ ਆਪਣੇ ਇਸ ਫ਼ੈਸਲੇ ਉੱਪਰ ਕਾਇਮ ਰਹੀ ਤਾਂ ਤੂੰ ਜੋ ਕਹੇਂਗੀ, ਉਹੀ ਹੋਏਗਾ।”
“ਜਾਣਦੀ ਹਾਂ ਤੁਹਾਥੋਂ ਨਹੀਂ ਜਿੱਤ ਸਕਦੀ। ਮੈਨੂੰ ਆਪਣੇ ਅਸੂਲ ਹੀ ਬਦਲਣੇ ਪੈਣਗੇ। ਤੁਸੀਂ ਇਕ ਸ਼ਾਦੀ ਹੋਰ ਵੀ ਕਰ ਸਕਦੇ ਹੋ, ਮੇਰੀ ਇਜਾਜ਼ਤ ਹੈ।”
“ਮੈਨੂੰ ਤੇਰੀ ਇਜਾਜ਼ਤ ਤੋਂ ਬਿਨਾਂ ਵੀ ਅਜੇ ਤਿੰਨ ਸ਼ਾਦੀਆਂ ਹੋਰ ਕਰਵਾਉਣ ਦਾ ਹੱਕ ਪ੍ਰਾਪਤ ਹੈ, ਪਰ ਸ਼ਾਦੀ ਇਕ ਮੁਕੱਦਸ ਅਹਿਦ (ਪਵਿੱਤਰ-ਪ੍ਰਤੀਗਿਆ) ਹੁੰਦੀ ਏ ਤੇ ਹਰੇਕ ਐਰ-ਗ਼ੈਰ ਨਾਲ ਨਹੀਂ ਕਰ ਲਈ ਜਾਂਦੀ, ਤੇ ਨਾ ਹੀ ਵਾਰੀ-ਵਾਰੀ ਕੀਤੀ ਜਾਂਦੀ ਏ।”
“ਹਰੇਕ ਐਰ-ਗ਼ੈਰ ਨਾਲ ਪਿਆਰ ਕੀਤਾ ਜਾ ਸਕਦਾ ਏ?”
“ਜੇ ਕੋਈ ਨਾਲੀ ਵਿਚ ਡਿੱਗ ਪਏ ਤਾਂ ਇਸਦਾ ਇਹ ਅਰਥ ਤਾਂ ਨਹੀਂ ਕਿ ਉਸਨੂੰ ਗੰਦਗੀ ਨਾਲ ਪਿਆਰ ਹੋ ਗਿਆ...! ਤਨ ਦਾ ਮਿਲਨ ਜੇ ਉਸ ਵਿਚ ਰੂਹ ਦਾ ਸਾਥ ਨਾ ਹੋਏ, ਪਿਆਰ ਨਹੀਂ ਕਹਾਉਂਦਾ।...ਵਾਸਨਾ ਤੇ ਪਿਆਰ ਵਿਚ ਬੜਾ ਅੰਤਰ ਹੁੰਦੈ, ਆਬਿਦਾ।”
“ਉਫ਼ ਖ਼ੁਦਾ!” ਆਬਿਦਾ ਨੇ ਦੋਹਾਂ ਹੱਥਾਂ ਨਾਲ ਸਿਰ ਫੜ੍ਹ ਲਿਆ। ਉਹ ਖ਼ੁਦ ਵੀ ਹੈਰਾਨ ਸੀ ਕਿ ਉਹ ਕਿੰਜ ਸਹਿਜ ਨਾਲ ਜ਼ਿੰਦਗੀ ਦੀ ਸਭ ਤੋਂ ਭਿਆਨਕ ਦੁਰਘਟਨਾ ਬਾਰੇ ਗੱਲਬਾਤ ਕਰ ਰਹੀ ਸੀ! ਉਸਦਾ ਦਿਲ ਹਰੇਕ ਜਜ਼ਬੇ ਤੋਂ ਖ਼ਾਲੀ ਸੀ।
“ਹੁਣ ਮੈਂ ਜ਼ਿੰਦਗੀ ਦੀ ਭੀਖ ਵੀ ਨਹੀਂ ਮੰਗਾਂਗਾ, ਤੈਥੋਂ। ”...ਜੇ ਉਹ ਮਰਦਾਂ ਵਾਲੀ ਜਬਰਦਸਤੀ 'ਤੇ ਉਤਰ ਆਉਂਦਾ ਤਾਂ ਆਬਿਦਾ ਕੀ ਕਰ ਲੈਂਦੀ? “ਮੈਂ ਕਹਿ ਚੁੱਕਿਆਂ, ਉਹ ਕੁੜੀ ਅੰਦਰੋਂ ਬਿਲਕੁਲ ਖੋਖ਼ਲੀ ਹੈ।”
“ਉਹਦਾ ਤਨ ਤਾਂ ਖੋਖ਼ਲਾ ਨਹੀਂ,” ਆਬਿਦਾ ਨੇ ਮਿਹਣਾ ਮਾਰਿਆ।
“ਤਨ ਵੀ¸ ਜੋ ਮੇਰੇ ਲਈ ਏਨੇ ਅਜ਼ਾਬ (ਦੁੱਖ) ਲਿਆਇਆ ਕਿ ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ। ਆਬਿਦਾ ਮੈਂ ਕਈ ਵਾਰੀ ਸੋਚਿਆ, ਤੇਰੇ ਆਉਣ ਤੋਂ ਪਹਿਲਾਂ ਹੀ ਛੁਟਕਾਰਾ ਪਾ ਲਵਾਂ। ਤੇਰੇ ਨਾਲ ਕਿੰਜ ਅੱਖਾਂ ਮਿਲਾਵਾਂਗਾ? ਪਰ ਤੇਰਾ ਫ਼ੈਸਲਾ ਸੁਣੇ ਬਗ਼ੈਰ ਮੈਂ ਮਰ ਵੀ ਤਾਂ ਨਹੀਂ ਸਕਦਾ।”
“ਬਸ¸ ਉਹੀ ਛੋਹਰ-ਛੰਡਿਆਂ ਵਾਲੀਆਂ ਧਮਕੀਆਂ। ਕਦੀ ਅੰਮੀ ਜਾਨ ਦੇ ਬੁੱਢਾਪੇ ਦਾ ਖ਼ਿਆਲ ਕੀਤਾ ਏ! ਉਹਨਾਂ ਨੂੰ ਤਾਂ ਚੈਨ ਨਾਲ ਮਰ ਜਾਣ ਦਿਓ। ਇਕਲੌਤੇ ਬੇਟੇ ਦਾ ਗ਼ਮ ਉਹਨਾਂ ਦੇ ਪੱਲੇ ਬੰਨ੍ਹ ਜਾਣਾ ਸਭ ਤੋਂ ਵੱਡੀ ਬੁਜਦਿਲੀ ਹੋਏਗੀ।”
“ਨਾ ਛੱਡਿਆਂ ਸਰਦਾ ਏ, ਨਾ ਨਿਗਲਿਆਂ...।”
“ਜੇ ਬੱਚੇ ਦਾ ਖ਼ਿਆਲ ਏ, ਤਾਂ ਨਿਕਾਹ ਕਰਕੇ ਮਗਰੋਂ ਤਲਾਕ ਦੇ ਦੇਣਾ।”
“ਮੇਰੇ ਵਰਗੇ ਅਧੁਰੇ ਆਦਮੀ ਨੂੰ ਜੇ ਮੱਲੋਮਲੀ ਪੂਰਾ ਕਰ ਦਿੱਤਾ ਜਾਏ ਤਾਂ ਵੀ ਉਸ ਉੱਪਰ ਮਾਣ ਨਹੀਂ ਕੀਤਾ ਜਾ ਸਕਦਾ। ਅੱਵਲ ਤਾਂ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਯਤੀਮ ਹੋ ਜਾਏਗਾ, ਦੂਸਰੇ ਇਹ ਸ਼ਾਦੀ ਤੇ ਤਲਾਕ ਦਾ ਪਾਖੰਡ ਮੈਂ ਨਹੀਂ ਕਰ ਸਕਦਾ।”
ਉਸੇ ਡਬਲ-ਬੈੱਡ ਉੱਪਰ ਜਿੱਥੇ ਪਿਆਰ ਤੇ ਮੁਹੱਬਤ ਵਿਚ ਧੜਕਦੇ ਹੋਏ ਪਲ ਜੀਵਨ ਦੀ ਹਰੇਕ ਪ੍ਰਾਪਤੀ ਬਣ ਗਏ ਸਨ, ਉਹ ਗਈ ਰਾਤ ਤਕ ਕਿਤਾਬਾਂ ਪੜ੍ਹਦੇ ਰਹਿੰਦੇ, ਪਿਆਰ ਕਰਦੇ। ਫੇਰ ਦੁਨੀਆਂ-ਜਹਾਨ ਦੀਆਂ ਗੱਲਾਂ-ਬਹਿਸਾਂ¸ ਫੇਰ ਪਿਆਰ, ਫੇਰ ਗੱਲਾਂ ਬਾਤਾਂ। ਇਕ ਦੂਸਰੇ ਤੋਂ ਜੀਅ ਹੀ ਨਹੀਂ ਸੀ ਭਰਦਾ ਹੁੰਦਾ। ਕਦੀ ਸੱਖਨੀ ਗੋਦਾ ਦੀ ਕਸਕ ਵੀ ਮਹਿਸੂਸ ਨਹੀਂ ਸੀ ਹੋਈ ਕਦੀ।
ਅੱਜ ਉਸੇ ਪਲੰਘ ਉੱਤੇ ਬੈਠੇ ਦੋ ਅਜਨਬੀਆਂ ਨੇ ਸਵੇਰ ਕਰ ਦਿੱਤੀ।
ਮਿੱਟ-ਮੈਲਾ ਜਿਹਾ ਚਾਨਣ ਕਮਰੇ ਵਿਚ ਰਿਸਣ ਲੱਗਾ। ਰਸੋਈਏ ਦੀ ਕੋਠੜੀ ਵਿਚ ਬੱਚੇ ਦੀ 'ਰੀਂ-ਰੀਂ' ਸ਼ੁਰੂ ਹੋ ਗਈ। ਇਹਨਾਂ ਬਦਨਸੀਬ ਮੀਆਂ ਬੀਵੀ ਦੇ ਚਿਹਰੇ ਉੱਪਰ ਪਿੱਲਤਣ ਛਾਈ ਹੋਈ ਸੀ¸ ਇਹ ਸੁਹਾਗ ਰਾਤ ਦੀ ਸਵੇਰ ਨਹੀਂ, ਕਿਆਮਤ ਦੀ ਰਾਤ ਦੀ ਉਹ ਸਵੇਰ ਸੀ ਜਿਹੜੀ ਸੂਰਜ ਦੀ ਰੋਸ਼ਨੀ ਵਿਚ ਵੀ ਹਨੇਰ-ਘੁੱਪ ਹੀ ਰਹੇਗੀ। ਮਾਜਿਦ ਦੀਆਂ ਉਂਘਲਾਈਆਂ ਜਿਹੀਆਂ ਅੱਖਾਂ ਦੇ ਗਿਰਦ ਕਾਲੇ ਘੇਰੇ ਪੈ ਗਏ ਸਨ। ਐਸ਼-ਟਰੇ  ਸਿਗਰੇਟ ਦੇ ਟੋਟਿਆਂ ਨਾਲ ਭਰੀ ਪਈ ਸੀ। ਦੋਹੇਂ ਥੱਕ ਕੇ ਚੂਰ ਹੋਏ, ਆਪਣੀ ਆਪਣੀ ਜਗ੍ਹਾ ਢਹਿ ਪਏ। ਮਾਜਿਦ ਦੀਆਂ ਪੁੜਪੁੜੀਆਂ ਉੱਪਰ ਝੁਲਸੀ ਹੋਈ ਚਾਂਦੀ ਦੇ ਤਾਰ ਝਿਲਮਿਲਾ ਰਹੇ ਸਨ। ਆਬਿਦਾ ਦਾ ਦਿਲ ਚਾਹਿਆ ਉਹ ਸਭ ਕੁਝ ਭੁੱਲ ਕੇ ਉਸਦੀ ਬਿਨਾਂ ਸ਼ੇਵ ਕੀਤੀ, ਨੀਲੀ ਖੁਰਦਰੀ ਠੋਡੀ ਉੱਪਰ ਆਪਣੇ ਪਿਆਸੇ ਹੋਂਠ ਰੱਖ ਦਏ ਤੇ ਜਨਮਾਂ-ਜਨਮਾਂ ਤੋਂ ਡੱਕੇ ਹੋਏ ਹੰਝੂਆਂ ਦਾ ਬੰਨ੍ਹ ਖੋਲ੍ਹ ਦਏ।
ਜਦੋਂ ਇਹ ਭਿਆਨਕ ਸੁਪਨਾ ਟੁੱਟੇਗਾ, ਉਹ ਨਵੀਂ ਸਵੇਰ ਹੋਏਗੀ।

No comments:

Post a Comment