Tuesday 13 July 2010

ਛੇਵੀਂ ਕਿਸ਼ਤ : ਜੰਗਲੀ ਕਬੂਤਰ :: ਲੇਖਕਾ : ਇਸਮਤ ਚੁਗ਼ਤਾਈ

ਅਨੁਵਾਦ : ਮਹਿੰਦਰ ਬੇਦੀ ਜੈਤੋ

ਫੇਰ ਨਵੀਂ ਹੋਈ ਸ਼ਾਦੀ ਵਰਗੇ ਦਿਨ ਪਰਤ ਆਏ¸ ਮੌਜਾਂ ਲੱਗ ਗਈਆਂ। ਸਵੇਰ ਤੋਂ ਲੈ ਕੇ ਸ਼ਾਮ ਤੀਕ ਦੋਸਤਾਂ ਦੀ ਭੀੜ ਲੱਗੀ ਰਹਿੰਦੀ। ਫੁੱਲ, ਫਲ, ਮਿਠਿਆਈਆਂ ਤੇ ਕਿਤਾਬਾਂ ਏਨੀਆਂ ਆਈਆਂ ਕਿ ਵਰਤਣ ਵਾਲਿਆਂ ਦੀ ਕਮੀ ਪੈ ਗਈ। ਖ਼ਤ, ਤਾਰ ਤੇ ਕਾਰਡ ਏਨੇ ਆਏ ਕਿ ਆਬਿਦਾ ਨੇ ਥਾਲਾਂ ਵਿਚ ਪਾ ਕੇ ਸਿਰਹਾਣੇ ਬਣੀ ਸ਼ੈਲਫ ਉੱਤੇ ਸਜਾ ਦਿੱਤੇ।
ਬਿਮਾਰੀ ਦੇ ਦਿਨਾਂ ਵਿਚ ਮਾਜਿਦ ਨੂੰ ਗੈਸਟ-ਰੂਮ ਵਿਚ ਪਹੁੰਚਾ ਦਿੱਤਾ ਗਿਆ ਸੀ। ਡਬਲ-ਬੈੱਡ ਉੱਪਰ ਮਰੀਜ਼ ਦੀ ਦੇਖਭਾਲ ਕਰਨੀ ਵੀ ਕੁਝ ਮੁਸ਼ਕਲ ਹੁੰਦੀ ਸੀ। ਜਦੋਂ ਉਹ ਸਹਾਰੇ ਨਾਲ ਤੁਰਨ ਦੇ ਕਾਬਲ ਹੋ ਗਿਆ, ਉਹ ਉਸਨੂੰ ਆਪਣੇ ਕਮਰੇ ਵਿਚ ਲੈ ਆਈ। ਇਸ ਦੌਰਾਨ ਉਸਨੇ ਕਮਰੇ ਦੀ ਦਿੱਖ ਹੀ ਬਦਲ ਦਿੱਤੀ ਸੀ¸ ਬਰਸਾਤ ਦੇ ਦਿਨਾਂ ਵਿਚ ਧੁੱਪ ਘੱਟ ਹੁੰਦੀ ਹੈ ਇਸ ਲਈ ਉਸਨੇ ਭਾਰੇ ਪਰਦੇ ਉਤਾਰ ਕੇ ਹਲਕੇ ਪਿਆਜੀ ਰੰਗੇ ਨੇਟਵਰਕ ਦੇ ਪਰਦੇ ਲਾ ਦਿੱਤੇ ਸਨ। ਕਮਰੇ ਵਿਚ ਹਰੇਕ ਚੀਜ ਅੱਖਾਂ ਨੂੰ ਆਰਾਮ ਪਹੁੰਚਾਉਣ ਵਾਲੀ ਸਫੇਦ ਜਾਂ ਫਿੱਕੇ ਗੁਲਾਬੀ ਰੰਗ ਦੀ ਸੀ। ਚਿੱਟੇ ਕੰਡਲਵਰਕ ਦੇ ਪਲੰਘਪੋਸ਼ ਦੇਖ ਕੇ ਬਰਫ਼ ਦੇ ਮੈਦਾਨ ਯਾਦ ਆ ਜਾਂਦੇ ਸਨ। ਮਾਜਿਦ ਦਾ ਬੰਦ-ਬੰਦ, ਮਿੰਨ੍ਹੇ-ਮਿੰਨ੍ਹੇ ਦਰਦ ਨਾਲ ਖੁੱਸਦਾ ਰਹਿੰਦਾ। ਇਕ, ਕਦੀ ਨਾ ਉਤਰਨ ਵਾਲੀ ਥਕਾਨ ਤੇ ਉਦਾਸੀ ਛਾਈ ਰਹਿੰਦੀ। ਆਬਿਦਾ ਉਸਨੂੰ ਗੋਦੀ ਦੇ ਬਾਲ ਵਾਂਗ ਹੀ ਪ੍ਰਚਾਉਂਦੀ ਰਹਿੰਦੀ। ਉਸਦੀ ਮੁਹੱਬਤ, ਪਿਆਜੀ-ਗੁਲਾਬੀ ਸ਼ਾਮਿਆਨੇ ਦੀ ਛਾਂ ਵਾਂਗ ਸ਼ਾਂਤੀ-ਭਰਪੂਰ ਛਾਂ ਕਰੀ ਰੱਖਦੀ। ਉਸ ਠੰਡੀ ਛਾਂ ਵਿਚ ਅੱਖਾਂ ਬੰਦ ਕਰੀ ਪਿਆ ਮਾਜਿਦ, ਆਪਣੀ ਕਿਸਮਤ ਉੱਪਰ ਹੈਰਾਨ ਹੁੰਦਾ¸ ਮੌਤ ਦੇ ਮੂੰਹ ਵਿਚ ਜਾ ਕੇ ਉਸਨੇ ਆਬਿਦਾ ਨੂੰ ਦੁਬਾਰਾ ਪਾ ਲਿਆ ਹੈ। ਇਕ ਭਿਆਨਕ ਸੁਪਨੇ ਦਾ ਅੰਤ ਹੋ ਚੁੱਕਿਆ ਸੀ ਤੇ ਜ਼ਿੰਦਗੀ ਮੁੜ ਪੱਧਰੇ ਰਾਹਾਂ ਉੱਪਰ ਤੁਰ ਪਈ ਜਾਪਦੀ ਸੀ।
ਹੌਲੀ-ਹੌਲੀ ਹਾਲ-ਚਾਲ ਪੁੱਛਣ ਵਾਲਿਆਂ ਦਾ ਮੇਲਾ ਘੱਟ, ਤੇ ਫੇਰ ਖ਼ਤਮ ਹੋ ਗਿਆ। ਮਾਜਿਦ ਨੇ ਦੋ ਮਹੀਨੇ ਦੀ ਛੁੱਟੀ ਹੋਰ ਲੈ ਲਈ। ਡਾਕਟਰ ਨੇ ਸਾਵਧਾਨੀ ਵਰਤਨ ਦੀ ਹਦਾਇਤ ਕੀਤੀ ਸੀ। ਗਠੀਏ ਬੁਖਾਰ ਦਾ ਦਿਲ ਉੱਤੇ ਬੜਾ ਮਾੜਾ ਅਸਰ ਹੁੰਦਾ ਹੈ ਤੇ ਪ੍ਰਹੇਜ਼, ਇਲਾਜ਼ ਨਾਲੋਂ ਵੱਡਾ ਹੁੰਦਾ ਹੈ। ਆਬਿਦਾ ਆਪਣੇ ਹੱਥੀਂ ਉਸ ਲਈ ਖਾਣਾ ਬਣਾਉਂਦੀ ਤੇ ਚਮਚੇ ਨਾਲ ਖੁਆਉਣ ਦੀ ਜ਼ਿੱਦ ਕਰਦੀ। ਵੈਸੇ, ਬਹੁਤ ਜ਼ਿਆਦਾ ਨਿਮਰਤਾ ਦਾ ਪ੍ਰਦਰਸ਼ਨ ਜਿਹੜਾ ਅਕਸਰ ਮਹਿਮਾਨਾਂ ਦੇ ਸਾਹਮਣੇ ਹੋਣਾ ਚਾਹੀਦਾ ਸੀ, ਉਹ ਉਸਨੂੰ ਗ਼ੈਰਜ਼ਰੂਰੀ ਸਮਝ ਕੇ ਅੱਖੋਂ ਪਰੋਖੇ ਕਰ ਜਾਂਦੀ। ਪਰ ਪ੍ਰਹੇਜ਼ ਦੇ ਮਾਮਲੇ ਵਿਚ ਬੜੀ ਕਠੋਰ ਸੀ ਉਹ। ਜੇ ਉਂਜ ਹੀ ਮਾਜਿਦ ਕਦੀ ਉਸਨੂੰ ਆਪਣੇ ਵੱਲ ਖਿੱਚਦਾ ਤਾਂ ਉਹ ਸਖ਼ਤੀ ਨਾਲ ਮਨ੍ਹਾਂ ਕਰ ਦੇਂਦੀ। ਸਾਧਾਰਨ ਉਤੇਜਨਾ ਤੋਂ ਬਚਣ ਲਈ, ਲੰਮੇ-ਵੱਡੇ ਕੰਮਾਂ ਵਿਚ ਰੁੱਝੀ ਰਹਿੰਦੀ। ਕਈ ਵਾਰੀ ਕਹਿਣ ਤੋਂ ਬਾਅਦ ਉਹ ਨਾਈਟ ਸੂਟ ਬਦਲਦੀ। ਬਜਾਏ ਕੋਈ ਸੁੰਦਰ ਨਾਈਟ-ਡਰੈਸ ਪਾਉਣ ਦੇ, ਪੂਰੀਆਂ ਬਾਹਾਂ ਵਾਲੇ ਕੁਰਤੇ ਤੇ ਢਿੱਲੇ ਪਾਜਾਮੇ ਜਿਹੇ ਪਾਉਣ ਲੱਗ ਪਈ ਸੀ ਉਹ।
ਮਾਜਿਦ ਨੇ ਸਖ਼ਤ ਵਿਰੋਧ ਕੀਤਾ।
“ਇਹ ਝੱਲ-ਵਲੱਲਾਪਣ ਮੈਨੂੰ ਬਿਲਕੁਲ ਪਸੰਦ ਨਹੀਂ।”
“ਉੱਥੇ ਨਾਈਟ ਸੂਟ ਬੜੇ ਓਪਰੇ ਲੱਗਦੇ ਸਨ, ਮੈਂ ਸ਼ਬਾਨਾ ਨੂੰ ਦੇ ਦਿੱਤੇ।”
“ਤਾਂ ਨਵੇਂ ਬਣਵਾਅ ਲੈ।”
“ਕਿਉਂ?”
“ਮੈਂ ਜੋ ਕਹਿ ਰਿਹਾਂ।”
“ਕਿਉਂ ਕਹਿ ਰਹੇ ਓ ਤੁਸੀਂ?” ਉਹ ਸ਼ਰਾਰਤ ਵੱਸ ਹੱਸਦੀ, “ਮੈਂ ਤਾਂ ਨਹੀਂ ਕਹਿੰਦੀ ਪਈ¸ ਤੇ ਤੁਸੀਂ ਸ਼ੁਰੂ ਤੋਂ ਹੀ ਕੁਰਤਾ ਪਾਜਾਮਾ ਪਾਉਂਦੇ ਓ, ਤੇ ਮੈਨੂੰ ਬੜੇ ਸੈਕਸੀ ਲੱਗਦੇ ਓ!”
“ਪਹਿਲਾਂ ਕਿਉਂ ਪਾਉਂਦੀ ਹੁੰਦੀ ਸੈਂ?
“ਪਹਿਲਾਂ ਦੀ ਗੱਲ ਹੋਰ ਸੀ¸ ਪਹਿਲਾਂ ਤਾਂ ਕਿਸੇ ਵੇਲੇ ਮੈਂ ਗੋਡਿਆਂ ਭਾਰ ਰੁੜ੍ਹਦੀ ਵੀ ਹੁੰਦੀ ਸਾਂ। ਚੂਸਨੀ ਵੀ ਚੁੰਘਦੀ ਹੁੰਦੀ ਸਾਂ।”
ਮਾਜਿਦ ਕੱਚੇ ਜਿਹੇ ਹੋ ਗਏ।
“ਤੇ ਸੱਚੀ ਗੱਲ ਇਹ ਹੈ, ਬੁਢਾਪੇ ਵਿਚ ਇਹ ਚੋਚਲੇ ਚੰਗੇ ਨਹੀਂ ਲੱਗਦੇ।”
“ਤਾਂ ਤੂੰ ਬੁੱਢੀ ਹੋ ਗਈ ਏਂ?”
“ਮੋਨਾ ਦੇ ਮੁਕਾਬਲੇ 'ਚ ਤਾਂ ਬੁੱਢੀ ਈ ਆਂ। ਕੋਈ ਦਸ ਵਰ੍ਹਿਆਂ ਦਾ ਫ਼ਰਕ ਹੋਏਗਾ।”
ਮਾਜਿਦ ਦਾ ਦਿਲ ਬੈਠਣ ਲੱਗਾ। ਨਹੀਂ¸ ਆਬਿਦਾ ਨੇ ਉਸਨੂੰ ਮੁਆਫ਼ ਨਹੀਂ ਸੀ ਕੀਤਾ, ਤੇ ਕਦੀ ਮੁਆਫ਼ ਕਰੇਗੀ ਵੀ ਨਹੀਂ।
“ਛੱਡੋ, ਕੀ ਕੱਪੜਿਆਂ ਦੀ ਬਹਿਸ ਲੈ ਬੈਠੇ ਓ...ਬਈ, ਮੈਂ ਤਾਂ ਮੁੱਸਮੀ ਦਾ ਜੂਸ ਦੇਣਾ ਈ ਭੁੱਲ ਗਈ।” ਉਹ ਕਾਹਲ ਨਾਲ ਉਠ ਕੇ ਬਾਹਰ ਚਲੀ ਗਈ।
ਠੀਕ ਵੀ ਹੈ, ਕੱਪੜਿਆਂ ਨਾਲ ਕੀ ਫ਼ਰਕ ਪੈਂਦਾ ਹੈ? ਜੇ ਬਰਫ਼ ਦੀ ਸਿਲ ਨੂੰ ਲਾਲ-ਸੂਹੇ ਰੇਸ਼ਮੀ-ਜੋੜੇ ਵਿਚ ਲਪੇਟ ਦਿੱਤਾ ਜਾਏ...ਤਾਂ ਕੀ ਉਹ ਦੁਲਹਨ ਬਣ ਜਾਏਗੀ? ਤੇ ਬਰਫ਼ ਦੀ ਸਿਲ ਉਸਦੀ ਛਾਤੀ ਉੱਪਰ ਭਾਰੀ, ਹੋਰ ਭਾਰੀ, ਹੁੰਦੀ ਗਈ।
ਸਰੀਰਕ ਤੌਰ ਉਤੇ ਉਹ ਨਾਰਮਲ ਹੋ ਚੁੱਕਿਆ ਸੀ। ਦਫ਼ਤਰ ਵੀ ਜਾਣ ਲੱਗ ਪਿਆ ਸੀ ਪਰ ਆਬਿਦਾ ਬੜੀ ਮੁਸ਼ਤੈਦੀ ਨਾਲ ਕਿਸੇ ਨਰਸ ਵਾਂਗ ਹੀ ਆਪਣਾ ਕਰਤੱਵ ਨਿਭਾ ਰਹੀ ਸੀ। ਜਿੱਥੋਂ ਤਕ ਸੰਭਵ ਹੁੰਦਾ, ਉਹ ਆਨੀ-ਬਹਾਨੀ ਉਸਦਾ ਧਿਆਨ ਹੋਰ ਪਾਸੀਂ ਲਾਈ ਰੱਖਦੀ।
“ਆਬਿਦਾ...” ਅਖੀਰ ਉਸਨੇ ਤੰਗ ਆ ਕੇ, ਖੁੱਲ੍ਹ ਕੇ ਗੱਲ ਕਰਨ ਦਾ ਫ਼ੈਸਲਾ ਕਰ ਲਿਆ।
“ਜੀ...?” ਉਹ ਬੜੇ ਪਿਆਰ ਨਾਲ ਬੋਲੀ।
“ਕੀ ਮੈਂ ਬਹੁਤ ਬੀਮਾਰ ਹਾਂ?”
“ਖ਼ੁਦਾ ਨਾ ਕਰੇ...ਕਿਉਂ?”
“ਇਹੀ ਮੈਂ ਪੁੱਛਣਾ ਚਾਹੁੰਦਾ ਆਂ...ਤਾਂ ਫੇਰ ਇਹ ਦੂਰੀ ਕਿਉਂ?”
ਆਬਿਦਾ ਨੇ ਕੋਈ ਜਵਾਬ ਨਾ ਦਿੱਤਾ¸ ਬੈੱਡ-ਕਵਰ ਉੱਤੇ ਅਦਿੱਖ ਚਿੱਤਰ ਬਣਾਉਂਦੀ-ਮਿਟਾਉਂਦੀ ਰਹੀ।
“ਜਵਾਬ ਦੇਅ, ਮੇਰੀ ਗੱਲ ਦਾ?”
“ਜਵਾਬ ਨਾ ਹੋਏ ਤਾਂ...ਕਿੱਥੋਂ ਦਿਆਂ?” ਉਸਨੇ ਮਰੀ ਜਿਹੀ ਆਵਾਜ਼ ਵਿਚ ਕਿਹਾ।
“ਕੀ ਸਾਡੀ ਸ਼ਾਦੀ ਦੇ ਕੋਈ ਅਰਥ ਨਹੀਂ?”
ਆਬਿਦਾ ਦਾ ਸਿਰ ਹੋਰ ਝੁਕ ਗਿਆ।
“ਆਬਿਦਾ¸ ਖ਼ੁਦਾ ਦੇ ਵਾਸਤੇ ਜੁਆਬ ਦੇ...?”
ਆਬਿਦਾ ਦੀਆਂ ਨਜ਼ਰਾਂ ਹੌਲੀ-ਹੌਲੀ ਉੱਪਰ ਉਠੀਆਂ ਤੇ ਖਿੜਕੀ ਦੇ ਬਾਹਰ ਕੁਝ ਲੱਭਣ ਚਲੀਆਂ ਗਈਆਂ। ਉਸਦਾ ਚਿਹਰਾ ਅਤਿ ਪੀਲਾ ਤੇ ਮੁਰਝਾਇਆ ਜਿਹਾ ਲੱਗਣ ਲੱਗ ਪਿਆ ਸੀ।
“ਪਤਾ ਨਹੀਂ...” ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ।
“ਆਬਿਦਾ ਮੇਰੀ ਜਾਨ!” ਉਸਨੇ ਬੇਚੈਨ ਹੋ ਕੇ ਉਸਨੂੰ ਆਪਣੀ ਹਿੱਕੇ ਨਾਲ ਘੁੱਟ ਲੈਣਾ ਚਾਹਿਆ, ਪਰ  ਇੰਜ ਮਹਿਸੂਸ ਹੋਇਆ ਜਿਵੇਂ ਉਸਦੀਆਂ ਬਾਹਾਂ ਵਿਚ ਉਸਦੀ ਬੀਵੀ ਦੇ ਬਜਾਏ ਕੰਡੇਦਾਰ ਫ਼ੌਲਾਦੀ ਤਾਰ ਦਾ ਪੂਰਾ ਬੰਡਲ ਆ ਗਿਆ ਸੀ, ਜਿਸ ਵਿਚ ਕਤਈ ਲਚਕ ਨਹੀਂ ਸੀ।
“ਉਫ਼...ਨਾੜ ਚੜ੍ਹ ਗਈ...।” ਉਹ ਝੇਂਪ ਮਿਟਾਉਣ ਖਾਤਰ, ਸਿਰ ਖੁਰਕਣ ਲੱਗ ਪਈ।
“ਮੇਰੇ ਹੱਥਾਂ 'ਚ ਸੂਲਾਂ ਲੱਗੀਆਂ ਹੋਈਆਂ ਨੇ?”
“ਨਹੀਂ...ਪਰ...ਉਹ...” ਉਹ ਉਸ ਤੋਂ ਟਲ ਜਾਣਾ ਚਾਹੁੰਦੀ ਸੀ।
“ਪਰ ਕੀ?” ਉਸਨੇ ਉਸਦਾ ਹੱਥ ਫੜ੍ਹ ਕੇ ਫੇਰ ਬਿਠਾਅ ਲਿਆ।
“ਓ-ਹੋ...” ਉਹ ਕਰਾਹੀ।
“ਸੌਰੀ...ਕੀ ਕਹਿ ਰਹੀ ਸੈਂ ਤੂੰ?”
“ਤੁਹਾਡੇ ਹੱਥ...” ਉਹ ਫੇਰ ਝਿਜਕ ਗਈ।
“ਕੀ ਹੋਇਆ ਮੇਰੇ ਹੱਥਾਂ ਨੂੰ?” ਉਹ ਥਕਾਵਟ ਜਿਹੀ ਮਹਿਸੂਸ ਕਰਨ ਲੱਗਾ, ”ਸੂਲਾਂ ਉੱਗੀਆਂ ਹੋਈਆਂ ਨੇ ਮੇਰੇ ਹੱਥਾਂ ਵਿਚ?”
“ਕਿਉਂ ਪੁੱਛ ਰਹੇ ਓ ਇਹ ਉਲਟੀਆਂ-ਸਿੱਧੀਆਂ ਗੱਲਾਂ, ਤੁਹਾਡੇ ਹੱਥਾਂ ਵਿਚ ਕੁਝ ਵੀ ਨਹੀਂ। ਸ਼ਇਦ ਮੇਰੇ ਲਈ...ਕੁਝ ਵੀ ਨਹੀਂ।”
“ਕੀ ਮਤਲਬ?”
“ਤੁਸੀਂ ਮੈਨੂੰ ਹੱਥ ਲਾਉਂਦੇ ਓ ਤਾਂ¸ ਤਾਂ ਇੰਜ ਲੱਗਦਾ ਏ, ਆਪਣੇ ਦਿਲ ਉੱਪਰ ਜਬਰ ਕਰ ਰਹੇ ਓ...ਤੇ ਇਸ ਦਾ ਮਾਜਿਦ, ਕੋਈ ਫਾਇਦਾ ਨਹੀਂ।...ਮੱਜੂ, ਇਹ ਨਾਟਕ ਹੁਣ ਖਤਮ ਹੋ ਜਾਣਾ ਚਾਹੀਦਾ ਹੈ।” ਉਸਦੇ ਚਿਹਰੇ  ਉੱਤੇ ਅਜੀਬ ਜਿਹੀ ਕਠੋਰਤਾ ਆ ਗਈ, “ਇਹ ਰਿਸ਼ਤਾ ਜਬਰਦਸਤੀ ਦਾ ਨਹੀਂ¸ ਦਿਲ ਦਾ ਰਿਸ਼ਤਾ ਹੁੰਦਾ ਹੈ।”
“ਯਾਨੀ ਮੈਂ ਦਿਲ ਨਾਲ ਜਬਰਦਸਤੀ ਕਰਕੇ ਤੈਨੂੰ...! ਤੈਨੂੰ?...ਤੂੰ ਅਜਿਹੀਆਂ ਗੱਲਾਂ ਕਰ ਰਹੀ ਏਂ!”
“ਹਾਂ...ਤੇ ਇਸ ਦਾ ਕਾਰਨ ਬਿਲਕੁਲ ਸਪਸ਼ਟ ਤੇ ਪ੍ਰਤੱਖ਼ ਏ। ਤੁਸੀਂ ਤੇ ਮੈਂ ਦੋਹਾਂ ਨੇ ਗ਼ਲਤੀ ਕੀਤੀ ਹੈ।”
“ਗ਼ਲਤੀ?”
“ਦੇਖੋ ਮੱਜੂ¸ ਸਮਝਨ ਦੀ ਕੋਸ਼ਿਸ਼ ਕਰੋ¸ ਇਕ ਤਾਰ ਕੱਟ ਦਿੱਤਾ ਜਾਏ ਤਾਂ ਕਰੰਟ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਏ¸ ਤੇ ਫੇਰ ਜੇ¸ ਦੂਜੇ ਪਾਸੇ ਦਾ ਤਾਰ ਫੇਰ ਕੱਟ ਕੇ ਉਸ ਨਾਲ ਜੋੜਣ ਦੀ ਕੋਸ਼ਿਸ ਕੀਤੀ ਜਾਏ ਤਾਂ ਫਿਊਜ਼ ਉੱਡ ਜਾਂਦਾ ਐ ਤੇ ਜ਼ੋਰਦਾਰ ਸ਼ਾਕ ਵੀ ਲੱਗਦਾ ਏ।”
“ਟੁੱਟੇ ਹੋਏ ਤਾਰ ਮੁੜ ਜੋੜੇ ਵੀ ਜਾ ਸਕਦੇ ਨੇ।”
“ਉਸ ਸਿਲੋਸ਼ਨ ਸਾਡੇ ਮਿਲਾਪ ਨਾਲ ਨਹੀਂ ਬਣ ਸਕਿਆ।”
“ਕੀ ਮਤਲਬ?”
“ਜਦੋਂ ਮੀਆਂ ਬੀਵੀ ਵਿਚਲੇ ਤਾਰ ਟੁੱਟਣੇ ਸ਼ੁਰੂ ਹੋ ਜਾਂਦੇ ਨੇ¸ ਬੱਚੇ ਸਿਲੋਸ਼ਨ ਬਣ ਕੇ ਉਹਨਾਂ ਨੂੰ ਜੋੜੀ ਰੱਖਦੇ ਨੇ।”
“ਓ¸ ਤੂੰ ਮੈਨੂੰ ਪਾਗ਼ਲ ਕਰ ਦਏਂਗੀ। ਆਬਿਦਾ, ਮੇਰੀ ਜਾਨ ਮੈਂ ਤੇਰਾ ਆਂ, ਮੇਰਾ ਦਿਲ ਤੇਰੇ ਏ।”
“ਪਰ ਜਿਸਮ ਮੇਰਾ ਨਹੀਂ।”
“ਆਬਿਦਾ...! ਪਲੀਜ਼!!...”
“ਤੇ ਅਜਿਹੀ ਕੋਈ ਸ਼ਾਦੀ ਨਹੀਂ ਨਿਭ ਸਕਦੀ। ਤੁਹਾਡੇ ਇਹ ਦੋ ਟੁੱਕੜੇ, ਵੱਖਰੇ-ਵੱਖਰੇ ਕਿਸੇ ਦੇ ਕੰਮ ਦੇ ਨਹੀਂ¸ ਉਹ ਜਿਸਮ, ਜਿਸ ਵਿਚ ਦਿਲ ਨਾ ਹੋਏ...ਤੇ ਉਹ ਦਿਲ, ਜਿਸ...!”
“ਆਬਿਦਾ...!”
“ਮੈਂ ਬਹੁਤ ਸੋਚਿਆ¸ ਏਨਾ ਸੋਚਿਆ ਕਿ ਸੋਚ-ਸੋਚ ਕੇ ਮੱਤ ਮਰੀ ਗਈ। ਇਸ ਦੇ ਸਿਵਾਏ ਕੋਈ ਚਾਰਾ ਨਹੀਂ। ਤੁਸੀਂ ਆਪਣੇ ਜਿਸਮ ਨਾਲੋਂ ਦਿਲ ਨੂੰ ਵੱਖ ਰੱਖ ਕੇ ਜਿਊਂਦੇ ਨਹੀਂ ਰਹਿ ਸਕਦੇ। ਇਸ ਲਈ ਤੁਹਾਨੂੰ ਸਹੀ-ਸਲਾਮਤ ਤੇ ਪੂਰਾ ਬਣਨਾ ਪਏਗਾ।”
“ਤੂੰ ਮੈਨੂੰ ਉਲਝਾਈ ਜਾ ਰਹੀ ਏਂ। ਅੱਛਾ, ਮੈਂ ਤੇਰੀ ਥਿਊਰੀ ਮੰਨ ਵੀ ਲਵਾਂ¸ ਫੇਰ ਵੀ ਮੇਰਾ ਦਿਲ ਤੇ ਦਿਮਾਗ਼ ਤਾਂ ਤੇਰਾ ਈ ਏ, ਤੇ ਸਾਲਾਂ ਬੱਧੀ ਮੇਰੇ ਜਿਸਮ ਨੇ ਵੀ ਤੇਰੀ ਪ੍ਰਕਰਮਾਂ ਕੀਤੀ ਏ। ਜੇ ਇਕ ਜ਼ਰਾ ਜਿੰਨੇ ਤੂਫ਼ਾਨ ਕਾਰਨ ਪਲ-ਛਿਨ ਲਈ ਭਟਕ ਗਿਆ ਸੀ¸ ਤਾਂ ਕੀ ਤੂੰ ਮੁੜ ਆਪਣੇ ਕਦਮਾਂ ਵਿਚ ਜਗ੍ਹਾ ਨਹੀਂ ਦਏਂਗੀ, ਉਸਨੂੰ?”
“ਜਿਸਮ ਦੀ ਏਨੀ ਬੇਇੱਜਤੀ ਨਾ ਕਰੋ। ਮੈਨੂੰ ਤੁਹਾਡਾ ਜਿਸਮ ਕਦਮਾਂ ਵਿਚ ਨਹੀਂ, ਖੁੱਲ੍ਹੀਆਂ ਬਾਹਾਂ ਵਿਚ ਚਾਹੀਦਾ ਏ। ਪਰ ਮੈਂ ਤੁਹਾਨੂੰ, ਤੁਹਾਡੇ ਨਾਲੋਂ ਵੱਧ ਜਾਣਦੀ ਆਂ। ਤੁਹਾਡਾ ਜਿਸਮ, ਤੁਹਾਡੇ ਦਿਮਾਗ਼ ਦਾ ਗ਼ੁਲਾਮ ਨਹੀਂ¸ ਤੇ ਮੈਂ ਧੱਕਾ ਕਰਨ ਦੀ ਆਦੀ ਨਹੀਂ।”
“ਤੇ ਮੇਰਾ ਦਿਮਾਗ਼ ਮੇਰੇ ਜਿਸਮ ਦਾ ਗ਼ੁਲਾਮ ਹੈ!”
“ਹਰੇਕ ਮਰਦ ਦੀ ਦੇਹ, ਉਸਦੇ  ਦਿਮਾਗ਼ ਉੱਤੇ ਛਾਈ ਰਹਿੰਦੀ ਏ। ਇਸ ਵਿਚ ਸ਼ਰਮ ਵਾਲੀ ਕਿਹੜੀ ਗੱਲ ਏ? ਸਦੀਆਂ ਦੇ ਤਜ਼ੁਰਬਿਆਂ ਦਾ ਸਿੱਟਾ ਏ ਇਹ¸ ਨਾਲੇ ਫੇਰ ਖੇਰੂ-ਖੇਰੂ ਹੋ ਜਾਣ ਨਾਲੋਂ ਚੰਗਾ ਏ, ਸਮਝੌਤਾ ਕਰ ਲਿਆ ਜਾਏ।”
“ਯਾਨੀ ਜੇ ਮੇਰਾ ਜਿਸਮ ਚਿੱਕੜ ਵਿਚ ਲੇਟਾ ਲਾਉਣ ਲਈ ਮਚਲ ਜਾਏ ਤਾਂ ਮੈਂ ਆਪਣੇ ਦਿਮਾਗ਼ ਨੂੰ ਵੀ ਗਟਰ ਵਿਚ ਸੁੱਟ ਦਿਆਂ!”
“ਅਕਲ ਤੇ ਪੜ੍ਹਾਈ-ਲਿਖਾਈ ਦੀ ਤੱਕੜੀ ਵਿਚ ਇਨਸਾਨ ਨੂੰ ਤੋਲਨਾ ਇਨਸਾਫ ਨਹੀਂ...ਜਿਵੇਂ ਮੋਨਾ ਚੰਗੀ ਔਰਤ ਐ...ਜੋ ਖਜਾਨਾ ਉਸ ਕੋਲ ਹੈ, ਮੇਰੇ ਕੋਲ ਨਹੀਂ। ਇਸ ਲਈ ਚਿੱਕੜ ਵੀ ਕਦੀ-ਕਦੀ ਸੰਦਲ ਨਾਲੋਂ ਵਧੇਰੇ ਲਾਭਵੰਤ ਸਿੱਧ ਹੁੰਦਾ ਐ।”
“ਇਸੇ ਇਨਫੀਰੀਅਟੀ ਕੰਮਪਲੈਕਸ (ਹੀਣ ਭਾਵਨਾ) ਨੇ ਤੇਰੀ ਮੱਤ ਮਾਰ ਦਿੱਤੀ ਏ¸ ਪਤਾ ਈ ਕੀ ਕਹਿ ਰਹੀ ਏਂ ਤੂੰ?”
“ਠੀਕ ਈ ਕਹਿ ਰਹੀ ਆਂ¸ ਵਰਨਾ ਉਹ ਤੁਹਾਨੂੰ ਇੰਜ ਖੋਹ ਕੇ ਨਾ ਲੈ ਜਾਂਦੀ।”
“ਬਕਵਾਸ! ਮੇਰਾ ਕਦੀ ਕੋਈ ਕੁਛ ਨਹੀਂ ਲੈ ਗਿਆ।”
“...ਕੁਛ ਨਾ ਸਹੀ, ਪਰ ਮਲਾਈ ਤਾਂ ਲਾਹ ਕੇ ਲੈ ਈ ਗਈ।” ਉਹ ਖਿੜ-ਖਿੜ ਕਰਕੇ ਹੱਸੀ। ਉਸਦੀਆਂ ਅੱਖਾਂ ਵਿਚ ਇਕ ਅਜੀਬ ਕਿਸਮ ਦੀ ਚਮਕ ਸੀ। ਚਿਹਰਾ ਲਾਲ-ਸੂਹਾ ਹੋਇਆ-ਹੋਇਆ ਸੀ। ਉਂਗਲਾਂ ਦੇ ਪੋਟੇ ਠੰਡੇ-ਯੱਖ ਸਨ ਤੇ ਹਥੇਲੀਆਂ ਪਸੀਨੇ ਨਾਲ ਤਰ।...ਅੱਗ ਤੇ ਪਾਣੀ ਦੇ ਇਸ ਬੇਰਹਿਮ ਸੁਮੇਲ ਸਦਕਾ ਉਸਦੀ ਹਾਲਤ ਬੜੀ ਅਜੀਬ ਜਿਹੀ ਹੋ ਗਈ ਸੀ।
“ਫੇਰ ਹੁਣ ਕੀ ਇਰਾਦਾ ਏ ਤੇਰਾ?” ਮਾਜਿਦ ਨੇ ਖਿਝ ਕੇ ਪੁੱਛਿਆ।
“ਤੁਸੀਂ ਉਸ ਨਾਲ ਸ਼ਾਦੀ ਕਰ ਲਓ...ਦੇਖੋ, ਦੇਖੋ¸ ਠੰਡੇ ਦਿਲ ਨਾਲ ਗੱਲ ਸੁਣੋ। ਤੁਸੀਂ ਜੇ ਤੱਤੇ ਤਵੇ 'ਤੇ ਬੈਠ ਜਾਓ ਤੇ ਇਹ ਕਹੋ ਕਿ ਉਸਦਾ ਜਿਸਮ ਜ਼ਿਆਦਾ ਹੁਸੀਨ ਨਹੀਂ, ਤਾਂ ਵੀ ਮੈਂ ਯਕੀਨ ਨਹੀਂ ਕਰਾਂਗੀ।”
“ਦੁਨੀਆਂ ਵਿਚ ਕਰੋੜਾਂ ਔਰਤਾਂ ਦੇ ਜਿਸਮ ਉਸ ਨਾਲੋਂ ਵੀ ਜ਼ਿਆਦਾ...ਉਸ ਨਾਲੋਂ ਕਿਤੇ ਵਧੇਰੇ ਦਿਲ-ਖਿੱਚ ਤੇ ਹੁਸੀਨ ਨੇ ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਅਕਲ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਜਿਉਂਦਾ ਰਹਿ ਸਕਦਾ ਆਂ। ਇਹ ਨਾਦਰਸ਼ਾਹੀ ਹੁਕਮ ਦੇਣ ਦਾ ਤੈਨੂੰ ਕੋਈ ਹੱਕ ਨਹੀਂ। ਜਰਾ ਸੋਚ, ਤੂੰ ਮੈਨੂੰ ਕਿੰਜ ਬੁਰੀ ਤਰਾਂ ਠੁਕਰਾ ਰਹੀ ਏਂ?...ਜੇ ਇਵੇਂ ਹੀ ਸੀ ਤਾਂ ਤੂੰ ਉਸ ਵੇਲੇ ਫ਼ੈਸਲਾ ਕਿਉਂ ਨਹੀਂ ਸੀ ਕੀਤਾ ਜਦੋਂ...”
“ਉਦੋਂ ਔਰਤ ਦਾ ਸਵੈਮਾਨ ਸਾਹਮਣੇ ਆਣ ਖਲੋਤਾ ਸੀ, ਤੇ ਮੇਰੀ ਅਕਾਲ 'ਤੇ ਪਰਦਾ ਪੈ ਗਿਆ ਸੀ। ਤੁਹਾਡੇ ਉੱਪਰ ਏਨਾ ਹੱਕ ਸਮਝਦੀ ਸਾਂ ਕਿ ਅੰਦਾਜ਼ਾ ਵੀ ਨਹੀਂ ਲਾ ਸਕੀ ਕਿ ਤੁਹਾਨੂੰ ਜਿੱਤ ਨਹੀਂ ਸਕਾਂਗੀ। ਹੁਣ ਤੁਹਾਨੂੰ ਅਧੂਰਾ ਮਹਿਸੂਸ ਕਰਕੇ ਇਸ ਫ਼ੈਸਲੇ 'ਤੇ ਪਹੁੰਚੀ ਆਂ ਕਿ ਇਹ ਮੇਰੀ ਖ਼ੁਦਗਰਜੀ ਤੇ ਕਮੀਨਾਪਣ ਹੈ ਕਿ ਤੁਹਾਡੇ ਵੰਡਾਰੇ ਉੱਪਰ ਤੁਲ ਗਈ ਆਂ। ਦੂਸਰਾ ਵਾਕਈ ਉਸ ਵੇਲੇ ਹੱਦ ਤੋਂ ਵਧ ਖ਼ੁਦਗਰਜ ਹੋ ਗਈ ਸਾਂ ਕਿ ਤੁਹਾਨੂੰ ਗੰਵਾਅ ਬੈਠਣ ਤੋਂ ਬਾਅਦ ਕਿਤੇ ਮੇਰੇ ਔਰਤਪੁਣੇ ਉੱਤੇ ਉਂਗਲਾਂ ਨਾ ਉਠਣ ਲੱਗ ਪੈਣ। ਲੋਕੀ ਤੁਹਾਨੂੰ ਮਾੜਾ ਤਾਂ ਆਖਦੇ ਈ, ਨਾਲ ਈ ਮੇਰੇ ਉੱਪਰ ਵੀ ਤਰਸ ਖਾਂਦੇ। ਉਫ਼ ਅੱਲਾ, ਆਪਣੇ ਉੱਤੇ ਤਰਸ ਖਾਂਦਿਆਂ ਕਿੰਜ ਦੇਖਦੀ ਦੁਨੀਆਂ ਨੂੰ!” ਬੜਾ ਹੀ ਬੋਦਾ ਤੇ ਮੂਰਖਤਾ ਭਰਿਆ ਘੁਮੰਡ ਸੀ, ਹਾਰ ਤੋਂ ਬਚਣ ਲਈ ਪੈਂਤਰੇ ਬਾਜੀ 'ਤੇ ਉਤਰ ਆਇਆ! ਮੈਨੂੰ ਆਪਣੇ ਆਪ ਉੱਤੇ ਭਰੋਸਾ ਸੀ ਕਿ ਮੈਂ ਉਲਟੀ ਹੋਈ ਕੌਡੀ ਨੂੰ ਪਲਟ ਦਿਆਂਗੀ। ਤੁਸੀਂ ਵੀ ਮੇਰੇ ਰਹੋਗੇ ਤੇ ਤੁਹਾਡੀ ਬੱਚੀ ਨੂੰ ਮਮਤਾ ਦੇ ਕੇ ਸ਼ਾਇਦ ਇਸ ਜ਼ਿਆਦਤੀ ਦਾ ਬਦਲਾ ਵੀ ਲਾਹ ਸਕਾਂਗੀ, ਜਿਹੜੀ ਮੈਂ ਬਾਂਝ ਹੋ ਕੇ ਤੁਹਾਡੇ ਨਾਲ ਕੀਤੀ ਏ।”
“ਤੂੰ ਆਪਣੀ ਜਾਨੇ, ਆਪਣੀ ਹਿੱਕ ਉੱਪਰ ਦੁਹਥੜਾਂ ਮਾਰ ਕੇ ਪਸ਼ਚਾਤਾਪ ਕਰ ਰਹੀ ਏਂ?”
“... ... ...”
“ਤਾਂ ਤੂੰ ਫ਼ੈਸਲਾ ਕਰ ਲਿਆ ਏ ਕਿ ਆਪਣੇ ਜ਼ਮੀਰ ਦੀਆਂ ਫ਼ਿਟਕਾਰਾਂ ਤੋਂ ਬਚਣ ਲਈ ਤੇ ਆਪਣੀ ਦਿਮਾਗ਼ੀ ਸ਼ਾਂਤੀ ਲਈ ਮੇਰੀ ਬਲੀ ਚੜ੍ਹਾਅ ਦਏਂਗੀ?”
“ਹਾਸੇ ਮਜਾਕ ਵਜੋਂ ਨਹੀਂ, ਬੜਾ ਸੋਚ ਵਿਚਾਰ ਕੇ ਮੈਂ ਇਹ ਫ਼ੈਸਲਾ ਲੈ ਸਕੀ ਆਂ।”
“ਤਾਂ ਹੁਣ ਤੂੰ ਮੈਨੂੰ ਦੇ-ਦੇਣ ਲਈ ਪੂਰੀ ਤਰਾਂ ਤਿਆਰ ਏਂ?”
ਆਬਿਦਾ ਚੁੱਪ ਰਹੀ। ਉਹ ਫੇਰ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਗੁਆਚ ਗਈ ਸੀ!
“ਕੀ ਹੋਰ ਕੋਈ ਰਾਸਤਾ ਨਹੀਂ? ਤੇਰੇ ਦਿਲ ਵਿਚ ਮੇਰੇ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ?”
“ਇਸ ਦੇ ਉਲਟ¸ ਮੇਰੇ ਦਿਲ ਵਿਚ ਸਿਵਾਏ, ਤੁਹਾਡੇ ਹੋਰ ਕਿਸੇ ਭਰਮ ਲਈ ਕੋਈ ਗੁੰਜਾਇਸ਼ ਨਹੀਂ। ਪਿਛਲੇ ਡੇਢ ਸਾਲ ਤੋਂ ਬਸ ਤੁਸੀਂ ਹੀ ਤੁਸੀਂ ਹੋ ਚਾਰੇ ਪਾਸੇ। ਤੁਹਾਡੇ ਨਾਲ ਨਫ਼ਰਤ, ਤੁਹਾਡੇ ਉੱਪਰ ਗੁੱਸਾ, ਤੁਹਾਡੇ ਨਾਲ ਪਿਆਰ ਤੇ ਹਮਦਰਦੀ...ਬੱਸ, ਤੁਹਾਡੇ ਨਾਲ ਹੀ ਜਾ ਮਿਲਦੇ ਨੇ ਮੇਰੀਆਂ ਸੋਚਾਂ ਦੇ ਸਾਰੇ ਸਿਰੇ।...ਤੇ ਤੁਸੀਂ ਕਹਿੰਦੇ ਹੋ, ਮੇਰੇ ਦਿਲ ਵਿਚ ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ! ਤੁਹਾਡੇ ਬਾਰੇ ਮੈਂ ਏਨਾਂ ਸੋਚਿਆ ਹੈ, ਜੇ  ਓਨਾ ਖ਼ੁਦਾ ਬਾਰੇ ਸੋਚਦੀ ਤਾਂ ਲਾਜ਼ਮੀ ਪੈਗ਼ੰਬਰ ਦਾ ਰੁਤਬਾ (ਦਰਜਾ) ਪ੍ਰਾਪਤ ਕਰ ਲੈਂਦੀ। ਪਰ ਤੁਹਾਨੂੰ ਨਾ ਪਾ ਸਕੀ।”
“ਪਾਉਂਦੀ ਤਾਂ ਤਦ ਜੇ ਗਵਾਚਿਆ ਹੁੰਦਾ। ਅੱਛਾ, ਤੂੰ ਕਿਹਾ ਸੀ ਤੇਰੇ ਦਿਲ ਵਿਚ ਮੇਰੇ ਲਈ ਗੁੱਸਾ ਵੀ ਹੈ, ਤੇ ਪਿਆਰ ਵੀ। ਇਸ ਦਾ ਮਤਲਬ ਇਹ ਹੋਇਆ ਕਿ ਮੈਂ ਤੇਰੇ ਦਿਲ ਵਿਚ ਅਜੇ ਵੀ ਜਿਊਂਦਾ ਹਾਂ¸ ਫੇਰ ਜਿਊਂਦੇ ਨੂੰ ਦਫ਼ਨ ਕਰਨ ਦਾ ਫ਼ੈਸਲਾ ਕਿੰਜ ਕਰ ਲਿਆ ਏ ਤੂੰ?...ਆਬਿਦਾ, ਮੇਰੀ ਜਾਨ! ਕੀ ਤੇਰਾ ਜਿਸਮ ਮੈਨੂੰ ਕਦੀ ਨਹੀਂ ਬੁਲਾਂਦਾ?”
“ਨਹੀਂ ਬੁਲਾਂਦਾ...? ਮੇਰਾ ਜਿਸਮ ਤੁਹਾਡੇ ਜਿਸਮ ਦੀ ਛੋਹ ਲਈ ਤਰਸ ਗਿਆ ਏ।”  
“ਫੇਰ ਜਦੋਂ ਮੈਂ ਹੱਥ ਲਾਉਂਦਾਂ ਤਾਂ...?”
“ਤਾਂ...ਤਾਂ ਪਤਾ ਨਹੀਂ ਕੀ ਹੋ ਜਾਂਦਾ ਏ!” ਸ਼ਾਇਦ ਉਹ ਆਪਣੇ ਇਨਫੀਰੀਅਰਟੀ ਕੰਪਲੈਕਸ ਕਾਰਨ ਝਿਜਕ ਕੇ ਸਿਲ-ਪੱਥਰ ਹੋ ਜਾਂਦੀ ਹੈ।
“ਆਬਿਦਾ!” ਮਾਜਿਦ ਨੂੰ ਉਸਦੀ ਓਪਰੀ-ਜਿਹੀ ਤੱਕਣੀ ਤੋਂ ਭੈ ਆਉਣ ਲੱਗਾ, “ਮੇਰੇ ਕੋਲ ਆ...ਏਧਰ!” ਉਹ ਖਿੜਕੀ ਕੋਲ ਉਸ ਵੱਲ ਪਿੱਠ ਕਰੀ ਖੜ੍ਹੀ ਸੀ।
“ਆਬਿਦਾ!”
“ਇਹ ਸਾਰਾ ਝੰਜਟ ਉਦੋਂ ਹੀ ਮੁੱਕ ਜਾਂਦਾ!”
“ਮੈਂ ਤੇਰੇ ਬਿਨਾਂ ਜਿਊਂਦਾ ਨਹੀਂ ਰਹਿ ਸਕਦਾ!”
“ਤੁਸੀਂ ਇਹੀ ਕਹਿੰਦੇ, ਤੇ ਜਾਨ ਦੇਣ ਲਈ ਤੁਲ ਜਾਂਦੇ ਪਰ ਸਾਰੇ ਤੁਹਾਨੂੰ ਬਚਾਅ ਕੇ ਸਮਝਾਉਂਦੇ 'ਮਰਨ ਵਾਲਿਆਂ ਨਾਲ ਕੋਈ ਨਹੀਂ ਮਰਦਾ।' ਤੇ ਤੁਸੀਂ ਸਮਝ ਜਾਂਦੇ। ਫੇਰ ਤੁਸੀਂ ਇੰਜ ਆਪਣੇ ਜੀਵਨ ਦੇ ਦੋ ਟੁਕੜੇ ਕਰ ਦੇਣ ਲਈ ਮਜਬੂਰ ਨਾ ਹੁੰਦੇ। ਤੁਸੀਂ ਆਪਣੇ ਅਰਥਾਂ ਵਿਚ ਜਿਊਂਦੇ ਰਹਿੰਦੇ। ਤੁਸੀਂ, ਤੁਹਾਡੀ ਬੀਵੀ ਤੇ ਬੱਚੀ।”
“ਬੰਦ ਕਰ ਇਹ ਬਕਵਾਸ, ਖ਼ੁਦਾ ਦੇ ਵਾਸਤੇ! ਤੈਨੂੰ ਕੀ ਹੋ ਗਿਆ ਏ?”
“ਉਹ ਵੀ ਬੜੀ ਸ਼ਰਮਿੰਦੀ ਹੁੰਦੀ। ਤੇ ਕੋਈ ਵੱਡੀ ਗੱਲ ਨਹੀਂ, ਮੇਰੀ ਸ਼ੁਕਰਗੁਜਾਰ ਵੀ ਹੁੰਦੀ ਕਿ ਮੈਂ ਉਸਨੂੰ  ਜ਼ਿੰਦਗੀ ਸੰਵਾਰਨ ਦਾ ਇਕ ਚਾਂਸ ਦਿੱਤਾ ਏ¸ ਫੇਰ ਸ਼ਇਦ ਉਸਦਾ ਨਾਂ ਬਜਾਏ ਕੈਥੀ ਦੇ ਸਬਿਹਾ ਰੱਖ ਦੇਂਦੀ।”
ਮਾਜਿਦ ਦਾ ਸਿਰ ਚਕਰਾ ਰਿਹਾ ਸੀ ਤੇ ਅੱਖਾਂ ਸਾਹਮਣੇ ਰੰਗ-ਬਿਰੰਗੇ ਦਾਇਰੇ ਚੱਕਰ ਕੱਟ ਰਹੀ ਸਨ।
“ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਤਾਂ ਮੈਂ ਮਰਨ ਦਾ ਇਰਾਦਾ ਕਰਕੇ ਸਮੁੰਦਰ ਵੱਲ ਚਲੀ ਗਈ, ਪਰ ਮੇਰੀ ਹਿੰਮਤ ਜਵਾਬ ਦੇ ਗਈ। ਇਕ ਵਾਰੀ ਸਮੁੰਦਰ ਵਿਚ ਨਹਾਉਂਦਿਆਂ ਹੋਇਆਂ ਮੇਰਾ ਪੈਰ ਤਿਲ੍ਹਕ ਗਿਆ ਸੀ ਤੇ ਮੈਂ ਖੂਬ ਗੋਤੇ ਖਾਧੇ ਸਨ, ਨੱਕ-ਮੂੰਹ ਵਿਚ ਪਾਣੀ ਪੈ ਗਿਆ ਸੀ। ਇਸ ਲਈ ਮੈਂ ਡਰ ਗਈ¸ ਮੌਤ ਤੋਂ ਨਹੀਂ, ਮੌਤ ਵੱਲ ਜਾਣ ਤੋਂ...”
ਉਹ ਖਿੜਕੀ ਦੇ ਬਾਹਰ ਸੁੰਨ ਵਿਚ ਪਤਾ ਨਹੀਂ ਕੀ ਲੱਭ ਰਹੀ ਸੀ ?...ਸ਼ਾਇਦ ਉਹਨਾਂ ਸੁਪਨਿਆਂ ਦੇ ਪਰਛਾਵੇਂ, ਜਿਹੜੇ ਟੁੱਟ ਚੁੱਕੇ ਸਨ। ਉਸਦੇ ਚਿਹਰੇ ਉੱਤੇ ਇਕ ਨਵੀਂ ਥਕਾਨ ਸੀ। ਮਾਜਿਦ ਨੇ ਅੱਖਾਂ ਮੀਚ ਲਈਆਂ ਤੇ ਸਿਰ ਸਿਰਹਾਣੇ ਉੱਪਰ ਟਿਕਾਅ ਦਿੱਤਾ।

No comments:

Post a Comment